ਸ਼ੰਭੂ ਗੋਇਲ, ਲਹਿਰਾਗਾਗਾ : ਸਹੁਰਿਆਂ ਤੋਂ ਦੁਖੀ ਹੋ ਕੇ ਸਪਰੇਅ ਪੀ ਕੇ ਜਾਨ ਦੇਣ ਵਾਲੀ ਲੜਕੀ ਦੇ ਪੇਕਿਆਂ ਨੇ ਸਹੁਰੇ ਪਰਿਵਾਰ ਖ਼ਿਲਾਫ਼ ਬਣਦੀ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਥਾਣਾ ਲਹਿਰਾ ਦੇ ਖ਼ਿਲਾਫ਼ ਗਾਗਾ ਨਹਿਰ ਦੇ ਮੁੱਖ ਮਾਰਗ 'ਤੇ ਲਾਸ਼ ਰੱਖ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਧਰਨਾ ਲਾ ਕੇ ਰੋਡ ਜਾਮ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪਿੰਡ ਲਾਡਬੰਜਾਰਾ ਕਲਾਂ ਦੀ ਨੌਜਵਾਨ ਲੜਕੀ ਕਰਮਜੀਤ ਕੌਰ 25 ਸਾਲ ਪੁੱਤਰੀ ਨਿਰਮਲ ਸਿੰਘ ਜਿਸ ਦਾ ਦੋ ਸਾਲ ਪਹਿਲਾਂ ਪਿੰਡ ਘੋੜੇਨਬ ਦੇ ਪਰਮਿੰਦਰ ਸਿੰਘ ਨਾਲ ਵਿਆਹੀ ਸੀ। ਜਿਸ ਕੋਲ ਕੋਈ ਬੱਚਾ ਵੀ ਨਹੀਂ ਸੀ। ਉਸ ਦਾ ਪਤੀ ਘਰ ਸ਼ਰਾਬ ਪੀ ਕੇ ਆਉਂਦਾ ਸੀ ਤੇ ਹਰ ਰੋਜ਼ ਕੁੱਟਮਾਰ ਕਰ ਕੇ ਲੜਕੀ ਨੂੰ ਘਰੋਂ ਕੱਢ ਦਿੰਦਾ ਸੀ। ਜਦੋੋਂ ਉਹ ਇਸ ਸਬੰਧੀ ਪੇਕੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਗੱਲ ਕਰਦੀ ਤਾਂ ਉਹ ਲੜਕੀ ਨੂੰ ਸਮਝਾ ਬੁਝਾ ਕੇ ਸਹੁਰੇ ਘਰ ਵਾਪਸ ਭੇਜ ਦਿੰਦੇ ਸੀ। ਦੂਜੇ ਪਾਸੇ ਸਹੁਰਾ ਪਰਿਵਾਰ ਹਰ ਰੋਜ਼ ਉਸ ਨੂੰ ਤਲਾਕ ਦੇਣ ਲਈ ਕਹਿੰਦੇ ਸਨ। ਜਿਸ ਤੋਂ ਤੰਗ ਆ ਕੇ ਲੜਕੀ ਨੇ ਸਪਰੇਅ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਿਸ ਦੇ ਚਲਦਿਆਂ ਥਾਣਾ ਲਹਿਰਾ ਵਿਖੇ ਮੁਲਜ਼ਮ ਪਤੀ ਪਰਮਿੰਦਰ ਸਿੰਘ, ਦਿਓਰ ਗੁਰਭਿੰਦਰ ਸਿੰਘ ਤੇ ਸੱਸ ਗੁਰਜੀਤ ਕੌਰ ਖ਼ਿਲਾਫ਼ ਪਰਚਾ ਤਾਂ ਦਰਜ ਕਰ ਲਿਆ ਸੀ, ਪਰ ਪੇਕਾ ਪਰਿਵਾਰ ਬਣਦੀ ਧਾਰਾ ਨਾ ਲਾਉਣ ਦਾ ਦੋਸ਼ ਲਾਉਂਦਿਆਂ ਹੁਣ 304 ਵੀ ਜਾਂ 302 ਦੀ ਕਾਰਵਾਈ ਤਹਿਤ ਪਰਚਾ ਕਰਵਾਉਣ ਦੀ ਮੰਗ 'ਤੇ ਅੜੇ ਹਨ। ਜੋ ਖ਼ਬਰ ਲਿਖੇ ਜਾਣ ਤਕ ਜਾਰੀ ਹੈ। ਲੜਕੀ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਜਦੋਂ ਤਕ ਇਨਸਾਫ਼ ਨਹੀਂ ਮਿਲਦਾ ਉਦੋਂ ਤਕ ਕਰਮਜੀਤ ਕੌਰ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਪੁਲਿਸ ਦੀ ਕਾਰਵਾਈ ਪ੍ਰਤੀ ਲੜਕੀ ਦੇ ਪਰਿਵਾਰ 'ਚ ਭਾਰੀ ਰੋਸ ਹੈ। ਪਰਿਵਾਰ ਨੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਉਨ੍ਹਾਂ ਦੀ ਲੜਕੀ ਨੂੰ ਜਲਦੀ ਤੋਂ ਜਲਦੀ ਇਨਸਾਫ਼ ਮਿਲ ਸਕੇ।

ਇਸ ਬਾਰੇ ਥਾਣਾ ਲਹਿਰਾ ਦੇ ਮੁਖੀ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਕਰ ਰਹੇ ਹਾਂ ਤੱਥਾਂ ਦੇ ਆਧਾਰ 'ਤੇ ਜੋ ਵੀ ਸੱਚ ਸਾਹਮਣੇ ਆਵੇਗਾ ਉਸ ਮੁਤਾਬਕ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।