ਲੁਭਾਸ਼ ਸਿੰਗਲਾ, ਤਪਾ ਮੰਡੀ : ਸਥਾਨਕ ਸ਼ਹਿਰ ਦੇ ਇਕ ਆੜਤੀਏ ਦੇ ਝੋਨੇ ਦੇ ਸੀਜ਼ਨ ਦੌਰਾਨ ਹੀ ਮਜ਼ਦੂਰ ਠੇਕੇਦਾਰ ਨੇ ਹਜ਼ਾਰਾਂ ਰੁਪਏ ਦੇ ਝੋਨੇ ਦਾ ਗਬਨ ਕਰ ਲਿਆ ਹੈ ਜਦਕਿ ਉਕਤ ਝੋਨਾ ਸ਼ਹਿਰ ਦੇ ਹੀ ਇਕ ਦੁਕਾਨਦਾਰ ਕੋਲ ਵੇਜਣ ਦੀ ਅਫਵਾਹ ਹੈ। ਇਸ ਉਪਰ ਪਹਿਲਾ ਵੀ ਸਰਕਾਰੀ ਅਨਾਜ ਨੂੰ ਖੁਰਦ-ਬੁਰਦ ਕਰਨ ਦਾ ਮਾਮਲਾ ਦਰਜ ਹੈ। ਇਸ ਕਾਰਨ ਪੁਲਿਸ ਵਿਭਾਗ ਦੀਆਂ ਉਕਤ ਝੋਨੇ ਦੇ ਗ਼ਾਇਬ ਹੋਣ ਦੇ ਸ਼ੱਕ ਦੀ ਸੂਈਆਂ ਵੀ ਉਧਰ ਵੱਲ ਨੂੰ ਘੁੰਮਣੀਆਂ ਸ਼ੁਰੂ ਹੋ ਗਈਆਂ ਹਨ ਭਾਵੇਂ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਅਜੇ ਤਕ ਤਾਂ ਚੁੱਪ ਵੱਟੀ ਹੋਈ ਹੈ ਪਰ ਆਉਦੇਂ ਦਿਨਾਂ 'ਚ ਇਸ ਮਾਮਲੇ ਸਮੇਤ ਗ਼ਾਇਬ ਹੋਏ ਇਲਾਕੇ ਭਰ ਵਿਚਲੇ ਅਨਾਜ ਦੀਆਂ ਪਰਤਾਂ ਇਸ ਦਰਜ ਹੋਏ ਮਾਮਲੇ ਕਾਰਨ ਖੁੱਲ੍ਹ ਜਾਣ ਦੇ ਆਸਾਰ ਬਣ ਗਏ ਹਨ। ਇਸ ਦੇ ਸਬੰਧ 'ਚ ਸਿਟੀ ਪੁਲਿਸ ਨੇ ਮਜ਼ਦੂਰ ਠੇਕੇਦਾਰ ਸਣੇ ਉਸ ਦੇ ਇਕ ਹੋਰ ਸਾਥੀ ਮਜ਼ਦੂਰ ਉਪਰ ਚੋਰੀ ਕਰਨ ਦਾ ਮਾਮਲਾ ਦਰਜ ਕਰ ਦਿੱਤਾ ਹੈ।

ਮਾਮਲੇ ਦੇ ਪੜਤਾਲੀਆ ਅਧਿਕਾਰੀ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅੰਮਿਤ ਸਿੰਗਲਾ ਪੁੱਤਰ ਤਰਸੇਮ ਚੰਦ ਵਾਸੀਅਨ ਤਪਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਸੀਜ਼ਨ ਦੌਰਾਨ ਉਸ ਨੇ ਅੰਦਰਲੇ ਬੱਸ ਅੱਡੇ ਕੋਲ ਇਕ ਆਰਜ਼ੀ ਫੜ੍ਹ ਕਿਰਾਏ ਉਪਰ ਜਿਣਸ ਉਤਾਰਨ ਲਈ ਲਿਆ ਹੋਇਆ ਸੀ, ਜਿੱਥੇ ਬੰਤ ਸਿੰਘ ਨਾਮ ਦੇ ਠੇਕੇਦਾਰ ਨੂੰ ਫਸਲ ਦੀ ਸਾਫ਼-ਸਫ਼ਾਈ ਲਈ ਰੱਖਿਆ ਹੋਇਆ ਸੀ, ਪਰ ਸੀਜ਼ਨ ਦੌਰਾਨ ਉਕਤ ਆੜਤੀਏ ਵਪਾਰੀ ਦੇ 61 ਗੱਟੇ ਝੋਨੇ ਦੇ ਘਟਾ ਦਿੱਤੇ। ਇਸ ਦੇ ਸਬੰਧ 'ਚ ਵਪਾਰੀ ਨੇ ਕਈ ਵਾਰ ਮਜ਼ਦੂਰ ਠੇਕੇਦਾਰ ਨੂੰ ਦੱਸਿਆ ਪਰ ਕੋਈ ਹੱਲ ਨਾ ਨਿਕਲਿਆ। ਉਨ੍ਹਾਂ ਦੱਸਿਆ ਕਿ ਵਪਾਰੀ ਅੰਮਿਤ ਸਿੰਗਲਾ ਕੋਲ ਮਜ਼ਦੂਰ ਠੇਕੇਦਾਰ ਬੰਤ ਸਿੰਘ ਤੇ ਉਸ ਦਾ ਇਕ ਹੋਰ ਸਾਥੀ ਪੀੜਿਤ ਦੁਕਾਨਦਾਰ ਕੋਲ ਆ ਕੇ ਸਭ ਕੁਝ ਮੰਨੇ ਅਤੇ ਜਲਦ ਹੀ ਉਕਤ ਗ਼ਾਇਬ ਹੋਏ ਝੋਨੇ ਦੀ ਭਰਪਾਈ ਕਰਨ ਲਈ ਕਹਿਣ ਲੱਗੇ, ਪਰ ਵਪਾਰੀ ਕੋਲ ਮਜ਼ਦੂਰ ਠੇਕੇਦਾਰ ਵੱਲੋ ਦਿੱਤੇ ਭਰੋਸੇ ਤਹਿਤ ਰਕਮ ਜਾਂ ਝੋਨਾ ਨਾ ਪੁੱਜਣ ਦੀ ਸੂਰਤ 'ਚ ਉਸ ਨੇ ਸਿਟੀ ਤਪਾ ਵਿਖੇ ਦਰਖ਼ਾਸਤ ਦਿੱਤੀ। ਉਨ੍ਹਾਂ ਕਿਹਾ ਕਿ ਉਕਤ ਝੋਨਾ ਗ਼ਾਇਬ ਕਰਨ ਵਾਲੇ ਠੇਕੇਦਾਰਾਂ ਵਲੋ ਉਲਟਾ ਵਪਾਰੀ ਨੂੰ ਪਰੇਸ਼ਾਨ ਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ। ਪੁਲਿਸ ਨੇ ਵਪਾਰੀ ਦੇ ਬਿਆਨਾਂ ਉਪਰ ਬੰਤ ਸਿੰਘ ਤੇ ਮਿਲਖੀ ਰਾਮ ਉਪਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।