ਸਟਾਫ਼ ਰਿਪੋਰਟਰ, ਬਰਨਾਲਾ : ਥਾਣਾ ਤਪਾ ਮੰਡੀ ਦੀ ਪੁਲਿਸ ਨੇ ਮਿਊਂਸੀਪਲ ਕਮੇਟੀ ਦੇ ਇੰਜੀਨੀਅਰ ਦੀ ਕੁੱਟਮਾਰ ਕਰਨ ਵਾਲੇ 12 ਨਾਮਜ਼ਦ ਤੇ 11 ਅਣਪਛਾਤੇ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਤਪਾ ਮੰਡੀ ਡੀਐੱਸਪੀ ਰਾਵਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਸਲੀਮ ਮੁਹੰਮਦ ਵਾਸੀ ਸ਼ਕਤੀ ਨਗਰ ਬਰਨਾਲਾ ਨੇ ਬਿਆਨ ਦਰਜ ਕਰਵਾਏ ਹਨ ਕਿ ਮੁਦਈ ਮਿਊਂਸੀਪਲ ਕਮੇਟੀ 'ਚ ਬਤੌਰ ਜੂਨੀਅਰ ਇੰਜੀਨੀਅਰ ਲੱਗਾ ਹੈ। ਉਹ ਮਿਊਂਸੀਪਲ ਕਮੇਟੀ ਦੇ ਸਫ਼ਾਈ ਸੇਵਕਾਂ ਸਮੇਤ ਸਦਰ ਬਾਜ਼ਾਰ ਤਪਾ ਮੰਡੀ 'ਚੋਂ ਨਾਜਾਇਜ਼ ਕਬਜ਼ੇ ਹਟਾ ਰਿਹਾ ਸੀ, ਜੋ ਆਵਾਜਾਈ 'ਚ ਵਿਘਨ ਪਾਉਂਦੇ ਸਨ। ਜਿੱਥੇ ਸੁਰਿੰਦਰ ਕੁਮਾਰ, ਸੁਰੇਸ਼ ਕੁਮਾਰ, ਲਵਲੀ ਕੁਮਾਰ, ਰਿੰਕੀ ਉਰਫ਼ ਲਲਿਤ, ਰਾਜ ਕੁਮਾਰ ਉਰਫ਼ ਰਜਿੰਦਰ, ਭਵਰ ਸਿੰਘ, ਰਾਮੂ, ਲਵਲੀ ਕੁਮਾਰ, ਪੇ੍ਮ ਕੁਮਾਰ, ਪ੍ਰਵੀਨ ਕੁਮਾਰ, ਬੰਟੀ ਵਾਸੀਅਨ ਤਪਾ ਮੰਡੀ ਤੇ 11 ਹੋਰ ਅਣਪਛਾਤੇ ਵਿਅਕਤੀਆਂ ਨੇ ਮੁਦਈ ਨੂੰ ਨਾਜਾਇਜ਼ ਕਬਜ਼ੇ ਹਟਾਉਣ ਤੋਂ ਰੋਕ ਕੇ ਮੁਦਈ ਨੂੰ ਘੇਰ ਕੇ ਕੁੱਟਮਾਰ ਕਰਕੇ ਸਰਕਾਰੀ ਰਿਕਾਰਡ ਵਾਲੇ ਕਾਗਜ਼ਾਤ ਖੋਹ ਕੇ ਪਾੜ ਕੇ ਵਾਲਮੀਕਿ ਭਾਈਚਾਰੇ ਨਾਲ ਸਬੰਧਿਤ ਸਫ਼ਾਈ ਸੇਵਕਾਂ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।