ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਥਾਣਾ ਭਦੌੜ ਦੀ ਪੁਲਿਸ ਨੇ ਵੱਖ-ਵੱਖ 12 ਕੇਸਾਂ 'ਚ ਮੁਲਜ਼ਮ ਬਲਦੇਵ ਸਿੰਘ, ਉਸ ਦੇ ਪਿਤਾ ਜੋਗਿੰਦਰ ਸਿੰਘ ਤੇ ਉਸ ਦੀ ਪਤਨੀ ਸੁਮਨਪ੍ਰਰੀਤ ਕੌਰ ਵਾਸੀ ਅਲਕੜਾ ਰੋਡ ਭਦੌੜ ਦੇ ਖ਼ਿਲਾਫ਼ ਪੁਲਿਸ ਕਾਰਵਾਈ 'ਚ ਪੁਲਿਸ ਨਾਲ ਦੁਰਵਿਵਹਾਰ ਕਰਨੇ ਤੇ ਉਸ ਦੀ ਵੀਡੀਓ ਬਣਾ ਕੇ ਵਾਈਰਲ ਕਰਨ ਦੇ ਮਾਮਲੇ 'ਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਨੂੰ ਕਾਬੂ ਕਰਕੇ ਅਦਾਲਤ ਦੇ ਆਦੇਸ਼ਾਂ 'ਤੇ ਜ਼ਿਲ੍ਹਾ ਜੇਲ ਬਰਨਾਲਾ ਭੇਜ ਦਿੱਤਾ ਹੈ ਤੇ ਉਸ ਦੀ ਪਤਨੀ ਸੁਮਨਪ੍ਰਰੀਤ ਕੌਰ ਤੇ ਪਿਤਾ ਜੋਗਿੰਦਰ ਸਿੰਘ ਦੀ ਤਲਾਸ਼ ਤੇਜ਼ੀ ਨਾਲ ਕੀਤੀ ਜਾ ਰਹੀ ਹੈ।

ਐੱਸਐੱਸਪੀ ਬਰਨਾਲਾ ਹਰਜੀਤ ਸਿੰਘ ਨੇ ਦੱਸਿਆ ਕਿ ਨਾਮਜ਼ਦ ਮੁਲਜ਼ਮ ਇਕ ਗੈਂਗਸਟਾਰ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਅਨੁਸਾਰ ਮਲਜ਼ਮ ਇਕ ਗੈਂਗਸਟਾਰ ਹੈ ਤੇ ਚਿੱਟਾ ਵੇਚਣ ਤੇ ਨਾਜਾਇਜ ਕਬਜ਼ੇ ਤੇ ਹੋਰ ਵੱਖ-ਵੱਖ 13 ਕੇਸਾਂ 'ਚ ਨਾਮਜ਼ਦ ਹੈ। 12 ਅਕਤੂਬਰ 2019 ਨੂੰ ਏਐੱਸਆਈ ਦਰਸ਼ਨ ਸਿੰਘ ਆਪਣੇ ਸਾਥੀ ਪੁਲਿਸ ਕਰਮਚਾਰੀ ਗੁਰਦੀਪ ਸਿੰਘ ਤੇ ਕਾਂਸਟੇਬਲ ਜਤਿੰਦਰ ਸਿੰਘ ਨੂੰ ਨਾਲ ਲੈ ਕੇ ਮੁਲਜ਼ਮ ਦੇ ਘਰ ਉਸ ਨੂੰ ਕਾਬੂ ਕਰਨੇ ਗਏ ਸੀ, ਉੱਥੇ ਮੁਲਜ਼ਮ, ਉਸ ਦੀ ਪਤਨੀ ਤੇ ਉਸ ਦੇ ਪਿਤਾ ਨੇ ਪੁਲਿਸ ਟੀਮ ਨਾਲ ਗਾਲੀ ਗਲੋਚ ਤੇ ਦੁਰਵਿਵਹਾਰ ਕੀਤਾ। ਜਿਸ ਦੀ ਵੀਡੀਓ ਬਣਾ ਕੇ ਉਨ੍ਹਾਂ ਸੋਸ਼ਲ ਮੀਡੀਆ 'ਤੇ ਵਾਈਰਲ ਕਰ ਦਿੱਤੀ। ਘਟਨਾ ਸਥਾਨ 'ਤੇ ਹੋਰ ਪੁਲਿਸ ਕਰਮਚਾਰੀਆਂ ਨੂੰ ਭੇਜ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਸੁਮਨਪ੍ਰਰੀਤ ਸਿੰਘ ਤੇ ਜੋਗਿੰਦਰ ਸਿੰਘ ਘਟਨਾਸਥਾਨ ਤੋਂ ਫਰਾਰ ਹੋ ਗਏ। ਜਿਨ੍ਹਾਂ ਦੀ ਤਲਾਸ਼ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਮੁਲਜ਼ਮ ਨੂੰ ਕੋਰਟ ਨੇ ਜ਼ਿਲ੍ਹਾ ਜੇਲ ਬਰਨਾਲਾ ਭੇਜ ਦਿੱਤਾ।

ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਚੱਲ ਰਹੀ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਮੁਲਜ਼ਮ ਏਐੱਸਆਈ ਦਰਸ਼ਨ ਸਿੰਘ ਨੂੰ ਵਾਰ-ਵਾਰ ਉੱਚੀ ਆਵਾਜ਼ 'ਚ ਸਰਚ ਵਾਰੰਟ ਹੋਣੇ ਦੀ ਗੱਲ ਦੇ ਬਾਰੇ ਪੁੱਛਦਾ ਹੈੈ। ਇਸ ਦੇ ਨਾਲ ਹੀ ਉਸ 'ਤੇ ਦੋਸ਼ ਲਾਉਂਦਾ ਹੈ, ਕਿ ਉਹ ਜਦ ਜੇਲ੍ਹ 'ਚ ਸੀ, ਤਾਂ ਉਸ ਨੇ ਉਸ ਦੇ ਘਰ 'ਚ ਵੜ੍ਹ ਕੇ ਉਸ ਦਾ ਕੈਮਰਾ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।