ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਧਨੌਲਾ ਰੋਡ ਰੇਲਵੇ ਫਾਟਕ ਅੰਡਰਬਿ੍ਜ 'ਚੋਂ ਲੰਘਣ ਵਾਲੇ ਰੇਹੜੀ ਚਾਲਕ 'ਤੇ ਮੋਟਰਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਨੌਸਰਬਾਜ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਜ਼ਖ਼ਮੀ ਤੇ ਪੀੜਤ ਨੌਜਵਾਨ ਸਿਵਲ ਹਸਪਤਾਲ ਬਰਨਾਲਾ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸਿਵਲ ਹਸਪਤਾਲ ਬਰਨਾਲਾ 'ਚ ਭਰਤੀ ਪੰਕਜ ਕੁਮਾਰ ਨੇ ਦੱਸਿਆ ਕਿ ਉਹ ਆਗਰਾ ਚਾਟ ਭੰਡਾਰ 'ਤੇ ਕੰਮ ਕਰਦਾ ਹੈ ਤੇ ਆਸਥਾ ਇਨਕਲੇਬ ਦੇ ਸਾਹਮਣੇ ਦਹੀ ਭੱਲੇ ਦੀ ਰੇਹੜੀ ਲਗਾਉਂਦਾ ਹੈ। ਐਤਵਾਰ ਨੂੰ ਰਾਤ ਕਰੀਬ 10 ਵਜੇ ਉਹ ਕੰਮ ਤੋਂ ਘਰ ਆ ਰਿਹਾ ਸੀ ਤਾਂ ਜਦ ਉਹ ਧਨੌਲਾ ਰੋਡ ਰੇਲਵੇ ਅੰਡਰਬਿ੍ਜ ਤੋਂ ਗੁਜਰਨ ਲੱਗਿਆ ਤਾਂ ਪੱਛੇ ਤੋ ਦੋ ਅਣਪਛਾਤੇ ਨੌਸਰਬਾਜ਼ਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਜਿਸ 'ਚ ਇਕ ਦੁਆਰਾ ਹਮਲੇ ਤੋਂ ਬਚਾਅ ਕਰ ਲਿਆ, ਪਰ ਦੂਜੇ ਨੇ ਉਸਦੇ ਸਿਰ ਰਾਡ ਮਾਰ ਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਉਸਦੀ ਜੇਬ 'ਚੋਂ 17 ਹਜ਼ਾਰ ਦਾ ਮੋਬਾਈਲ ਤੇ ਗਲੇ 'ਚ ਤਿੰਨ ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਕਤ ਘਟਨਾ ਜੋੜੇ ਪੈਟਰੋਲ ਪੰਪ 'ਤੇ ਲੱਗੇ ਕੈਮਰਿਆਂ 'ਚ ਕੈਦ ਹੈ।