ਯੋਗੇਸ਼ ਸ਼ਰਮਾ, ਭਦੌੜ

ਭਦੌੜ 'ਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿਸ ਨੂੰ ਲੈ ਕੇ ਲੋਕਾਂ 'ਚ ਹੜਕੰਪ ਮੱਚਿਆ ਹੋਇਆ ਹੈ।ਬੀਤੀ ਰਾਤ ਚੋਰਾਂ ਨੇ ਵੱਡਾ ਚੌਕ ਨਜ਼ਦੀਕ ਕੋਠੀ ਨੂੰ ਨਿਸ਼ਾਨਾ ਬਣਾਉਂਦਿਆਂ ਕੋਠੀ ਦੇ ਬਾਹਰੋਂ ਕੀਮਤੀ ਲਾਈਟਾਂ ਚੋਰੀ ਕਰ ਲਈਆਂ। ਪੀੜਤ ਡਾ. ਸੰਜੀਵ ਕੁਮਾਰ ਗੁਪਤਾ ਨੇ ਦੱਸਿਆ ਕਿ ਉਸ ਦੀ ਕੋਠੀ ਦੇ ਬਾਹਰ ਕੀਮਤੀ ਸਜਾਵਟੀ ਲਾਈਟਾਂ ਲਾਈਆਂ ਹੋਈਆਂ ਸਨ, ਜਿਨ੍ਹਾਂ ਦੀ ਕੀਮਤ ਲਗਪਗ ਤਿੰਨ ਹਜ਼ਾਰ ਰੁਪਏ ਸੀ। ਜਦੋਂ ਸਵੇਰੇ ਉੱਠ ਕੇ ਵੇਖਿਆ ਤਾਂ ਲਾਈਟਾਂ ਗਾਇਬ ਹਨ ਜੋ ਚੋਰ ਖੋਲ੍ਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਕੋਠੀ ਦੇ ਬਾਹਰ ਲੱਗੇ ਕੀਮਤੀ ਬੂਟੇ ਵੀ ਚੋਰੀ ਹੋਏ ਸਨ, ਜਿਸ ਨਾਲ ਲਗਪਗ ਪੰਜ ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੀੜਤ ਨੇ ਥਾਣਾ ਭਦੌੜ ਵਿਖੇ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਗੁਹਾਰ ਲਾਈ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਚੋਰਾਂ ਨੇ ਲੰਬੇ ਸਮੇਂ ਤੋਂ ਭਦੌੜ ਖੇਤਰ 'ਚ ਚੋਰੀਆਂ ਕਰਦਿਆਂ ਹੜਕੰਪ ਮਚਾਇਆ ਹੋਇਆ ਹੈ। ਚੋਰ ਬੇਖੌਫ ਹੋ ਕੇ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਤੇ ਲੰਬੇ ਸਮੇਂ ਤੋਂ ਪੁਲਿਸ ਕੋਈ ਵੀ ਵੱਡਾ ਚੋਰ ਗਿਰੋਹ ਫੜ੍ਹਨ 'ਚ ਨਾਕਾਮ ਸਾਬਤ ਹੋਈ ਹੈ,ਜਿਸ ਕਰ ਕੇ ਲੋਕਾਂ 'ਚ ਖੌਫ ਪਾਇਆ ਜਾ ਰਿਹਾ ਹੈ।

ਜਦੋਂ ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਪੂਰੀ ਮੁਸਤੈਦੀ ਨਾਲ ਚੋਰਾਂ ਦੀ ਭਾਲ ਕਰ ਰਹੇ ਹਨ ਤੇ ਜਲਦ ਹੀ ਚੋਰ ਗਿਰੋਹ ਸਲਾਖਾਂ ਪਿੱਛੇ ਹੋਣਗੇ।