ਯੋਗੇਸ਼ ਸ਼ਰਮਾ, ਭਦੌੜ

ਕਸਬਾ ਭਦੌੜ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬਾਰਾਂ ਬੋਰ ਪਿਸਤੌਲ ਤੇ ਹੋਰ ਨਾਜਾਇਜ਼ ਹਥਿਆਰਾਂ ਸਮੇਤ ਛੇ ਮੁਲਜ਼ਮਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਭਦੌੜ ਦੇ ਮੁਖੀ ਇੰਸਪੈਕਟਰ ਗੁਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਐੱਸਆਈ ਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ 'ਤੇ ਸੀ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਜੰਗੀਆਣਾ ਅਨਾਜ ਮੰਡੀ 'ਚ ਕੁਝ ਗੈਰ ਨੌਜਵਾਨ ਬੈਠੇ ਹਨ, ਜੋ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਤਾਕ 'ਚ ਹਨ।

ਏਐੱਸਆਈ ਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਤੁਰੰਤ ਰੇਡ ਕੀਤੀ ਤਾਂ ਉੱਥੋਂ ਬਾਰਾਂ ਬੋਰ ਪਿਸਤੌਲ ਤੇ ਹੋਰ ਹਥਿਆਰਾਂ ਸਮੇਤ ਛੇ ਜਾਣਿਆਂ ਨੂੰ ਕਾਬੂ ਕੀਤਾ, ਜਿਨ੍ਹਾਂ 'ਚ ਪਰਮਜੀਤ ਪੰਮਾ ਵਾਸੀ ਬੁਰਜ ਰਾਜਗੜ੍ਹ, ਲਵਪ੍ਰਰੀਤ ਲੱਭੀ ਵਾਸੀ ਭਦੌੜ, ਜਸਵਿੰਦਰ ਗੋਰਾ ਵਾਸੀ ਕੋਇਰ ਸਿੰਘ ਵਾਲਾ, ਮਨਪ੍ਰਰੀਤ ਮਨੀ ਵਾਸੀ ਕੋਇਰ ਸਿੰਘ ਵਾਲਾ, ਕਸ਼ਮੀਰ ਸਿੰਘ ਤੇ ਲਵਪ੍ਰਰੀਤ ਲਵੀ ਵਾਸੀ ਕੁਲਾਰ ਸ਼ਾਮਲ ਹਨ। ਮੁਲਜ਼ਮਾਂ ਤੋਂ ਬਾਰਾਂ ਬੋਰ ਦੇਸੀ ਪਿਸਤੌਲ, ਬਾਰਾਂ ਕਾਰਤੂਸ, ਕਿਰਚ, ਖੰਡਾ, ਦੋ ਲੌਂਗ ਰਾਡ ਬਰਾਮਦ ਹੋਏ ਹਨ। ਭਦੌੜ ਪੁਲਿਸ ਨੇ ਕੇਸ ਦਰਜ ਕਰਦਿਆਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਤੇ ਚਾਰ ਦਿਨਾਂ ਲਈ ਪੁਲਿਸ ਰਿਮਾਂਡ 'ਤੇ ਲਿਆਂਦਾ ਗਿਆ ਹੈ।

ਐੱਸਐੱਚਓ ਗੁਰਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਏਐੱਸਆਈ ਬਲਜੀਤ ਸਿੰਘ, ਏਐੱਸਆਈ ਦਰਸ਼ਨ ਸਿੰਘ, ਏਐਸਆਈ ਮਨਜੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।