ਰਵਿੰਦਰ ਸਿੰਘ ਰੇਸ਼ਮ, ਕੁੱਪ-ਕਲਾਂ

ਸਥਾਨਕ ਮੁੱਖ ਸੜਕ ਦੇ ਨੇੜੇ ਇਕ ਪੈਲੇਸ ਅੰਦਰ ਵਿਆਹ ਮੌਕੇ ਹੋਏ ਝਗੜੇ ਦੌਰਾਨ ਗੋਲੀ ਚੱਲਣ ਦਾ ਸਮਾਚਾਰ ਹੈ। ਥਾਣਾ ਸਦਰ ਅਹਿਮਦਗੜ੍ਹ ਦੇ ਮੁਖੀ ਇੰਸਪੈਕਟਰ ਸੰਜੀਵ ਕਪੂਰ ਅਤੇ ਜਾਂਚ ਅਧਿਕਾਰੀ ਰਾਜਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਆਹ ਦੌਰਾਨ ਲੜਕੀ ਅਤੇ ਲੜਕੇ ਦੇ ਰਿਸ਼ਤੇਦਾਰਾਂ ਦਾ ਸਟੇਜ 'ਤੇ ਨੱਚਣ ਨੂੰ ਲੈ ਕੇ ਆਪਸ 'ਚ ਹੋਇਆ ਝਗੜਾ ਏਨਾ ਵਧ ਗਿਆ ਕਿ ਗੱਲ ਗੋਲੀ ਚੱਲਣ ਤੱਕ ਪਹੁੰਚ ਗਈ।

ਜਾਂਚ ਅਧਿਕਾਰੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਸ਼ੇਰਪੁਰ ਕੋਲੋਂ ਲੜਕੀ ਦਾ ਪਰਿਵਾਰ ਅਤੇ ਲੁਧਿਆਣਾ ਤੋਂ ਲੜਕੇ ਵਾਲੇ ਬਰਾਤ ਲੈ ਕੇ ਆਏ ਸਨ। ਉਨ੍ਹਾਂ ਦੀ ਆਪਸ ਵਿਚ ਲੜਾਈ ਤੋਂ ਬਾਅਦ ਲੜਕੇ ਵਾਲਿਆਂ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਲੜਕੀ ਵਾਲਿਆਂ ਨੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਸਰਕਾਰਾਂ ਇਸ ਗੱਲ ਨੂੰ ਲੈ ਕੇ ਕਿੰਨੀਆਂ ਸਖ਼ਤ ਹਨ ਕਿ ਪੈਲੇਸਾਂ ਅੰਦਰ ਹਥਿਆਰ ਨਹੀਂ ਜਾਣ ਦਿੱਤਾ ਜਾਵੇਗਾ ਪਰ ਫਿਰ ਵੀ ਪੈਲੇਸ ਅੰਦਰ ਹਥਿਆਰ ਕਿਵੇਂ ਜਾਂਦੇ ਹਨ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਇੱਥੇ ਹਥਿਆਰ ਕਿਵੇਂ ਪਹੁੰਚੇ। ਲੜਕੀ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਥਾਣਾ ਸਦਰ ਅਹਿਮਦਗੜ੍ਹ ਨੇ ਕਾਰਵਾਈ ਕਰਦੇ ਹੋਏ 10 ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।