ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਪੁਲਿਸ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਵੱਡੀ ਤਿੰਨ ਵਿਅਕਤੀਆਂ ਨੂੰ ਛੇ ਕਿਲੋ 100 ਗ੍ਰਾਮ ਅਫੀਮ ਸਣੇ ਗਿ੍ਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਆਈਪੀਐੱਸ ਬਰਨਾਲਾ ਨੇ ਸ਼ਨੀਵਾਰ ਨੂੰ ਪਿਛਲੇ ਪਹਿਰ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਵੱਲੋਂ ਸ਼ੱਕ ਦੇ ਆਧਾਰ 'ਤੇ ਬਰਨਾਲਾ- ਬਠਿੰਡਾ ਹਾਈਵੇ ਨੈਸ਼ਨਲ ਰੋਡ 'ਤੇ ਨਾਕਾਬੰਦੀ ਦੌਰਾਨ ਜਦੋਂ ਟਰੱਕ ਨੰਬਰ-ਪੀਬੀ-10-ਸੀਟੀ-8295 (ਦਸ ਟਾਇਰਾਂ) ਨੂੰ ਰੋਕਿਆ, ਤਾਂ ਉਸ 'ਚੋਂ 6 ਕਿੱਲੋ ਅਫ਼ੀਮ ਬਰਾਮਦ ਕੀਤੀ ਗਈ। ਟਰੱਕ ਚਾਲਕ ਅਮਰਜੀਤ ਸਿੰਘ ਤੇ ਉਸ ਦਾ ਕਲੀਨਰ ਜਗਸੀਰ ਸਿੰਘ ਉਰਫ਼ ਸੀਰਾ ਵਾਸੀ ਰਾਊਕੇ ਕਲਾਂ ਜ਼ਿਲ੍ਹਾ ਮੋਗਾ ਨੂੰ ਮੌਕੇ 'ਤੇ ਹੀ ਪੁਲਿਸ ਨੇ ਦਬੋਚ ਲਿਆ।

ਦੌਰਾਨੇ ਪੁੱਛਗਿੱਛ ਅਮਰਜੀਤ ਸਿੰਘ ਤੇ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਇਹ ਮਾਲ ਆਪਣੇ ਸਾਥੀ ਲਖਵੀਰ ਸਿੰਘ ਵਾਸੀ ਦਾਦ ਜ਼ਿਲ੍ਹਾ ਲੁਧਿਆਣਾ ਨੂੰ ਦੇਣਾ ਸੀ ਤਾਂ ਪੁਲਿਸ ਨੇ ਪੈੜ ਦੱਬਦਿਆਂ ਸ਼ਨੀਵਾਰ ਸਵੇਰੇ ਦਿਨ ਚੜ੍ਹਦਿਆਂ ਹੀ ਲਖਵੀਰ ਸਿੰਘ ਨੂੰ ਉਸ ਦੀ ਪੋਲੋ ਕਾਰ ਸਣੇ ਕਾਬੂ ਕਰਦਿਆਂ ਉਸ ਤੋਂ ਵੀ 100 ਗ੍ਰਾਮ ਅਫ਼ੀਮ ਬਰਾਮਦ ਕਰਵਾਈ ਹੈ। ਜ਼ਿਲ੍ਹਾ ਉੱਪ ਕਪਤਾਨ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ। ਲੁਧਿਆਣਾ ਜ਼ਿਲ੍ਹਾ ਦੇ ਲਖਵੀਰ ਸਿੰਘ 'ਤੇ ਪਹਿਲਾਂ ਵੀ ਲੜਾਈ ਲੁਧਿਆਣਾ ਵਿਖੇ ਪਰਚੇ ਦਰਜ ਹਨ।