ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ : ਪਿੰਡ ਵਜੀਦਕੇ ਖੁਰਦ ਵਿਖੇ ਪਾਣੀ ਦੇ ਓਵਰਫਲੋਅ ਕਾਰਨ ਕੁਰੜ ਰਜਵਾਹੇ 'ਚ ਪਾੜ ਪੈ ਜਾਣ ਦੀ ਖ਼ਬਰ ਮਿਲੀ ਹੈ। ਇਸ ਪਾੜ ਕਾਰਨ ਰਜਵਾਹੇ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ 'ਚ ਝੋਨੇ ਦੀ ਫਸਲ 'ਚ ਪਾਣੀ ਭਰ ਗਿਆ, ਜਿਸ ਕਰ ਕੇ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।

ਇਸ ਮੌਕੇ ਕਿਸਾਨ ਹਰਪ੍ਰਰੀਤ ਸਿੰਘ ਵਾਸੀ ਵਜੀਦਕੇ ਖੁਰਦ ਨੇ ਦਿੰਦਿਆ ਦੱਸਿਆ ਕਿ ਰਜਵਾਹੇ 'ਚ ਪਾੜ ਪੈਣ ਕਾਰਨ ਉਨਾਂ੍ਹ 3 ਏਕੜ ਕਿਸਾਨ ਸੁਖਦੇਵ ਸਿੰਘ ਡੇਢ ਏਕੜ, ਰਣਜੀਤ ਸਿੰਘ ਦੀ 3 ਏਕੜ, ਗੁਰਮੁੱਖ ਸਿੰਘ 2 ਏਕੜ ਤੇ ਲਵਲੀ ਸਿੰਘ ਦੀ ਠੇਕੇ ਤੇ ਲੈ ਕੇ ਬੀਜੀ 5 ਏਕੜ ਸਮੇਤ ਨੇੜਲੇ ਹੋਰ ਕਿਸਾਨਾਂ ਦੀ ਝੋਨੇ ਦੀ ਫਸਲ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ। ਇਸ ਮੌਕੇ ਐੱਸਡੀਐੱਮ ਬਰਨਾਲਾ ਤੇ ਤਹਿਸੀਲਦਾਰ ਮਹਿਲ ਕਲਾਂ ਵੱਲੋਂ ਮੌਕਾਂ ਦੇਖਿਆ ਗਿਆ। ਨਹਿਰੀ ਵਿਭਾਗ ਦੇ ਐੱਸਡੀਓ ਜਸਦੀਪ ਸਿੰਘ ਤੇ ਜੇਈ ਹਰਪ੍ਰਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹੋਈ ਬਰਸਾਤ ਕਾਰਨ ਝੋਨੇ 'ਚ ਪਾਣੀ ਪੂਰਾ ਹੋਣ ਕਰਕੇ ਕਿਸਾਨਾਂ ਵੱਲੋਂ ਪਾਣੀ ਵਾਲੇ ਮੋਘੇ ਬੰਦ ਕਰ ਦਿੱਤੇ ਗਏ ਸਨ, ਜਿਸ ਕਰਕੇ ਰਜਵਾਹੇ 'ਚ ਪਾਣੀ ਦਾ ਪੱਧਰ ਵਧਣ ਕਾਰਨ ਪਾੜ ਪਿਆ ਹੈ। ਉਨਾਂ੍ਹ ਕਿਹਾ ਕਿ ਨਹਿਰੀ ਵਿਭਾਗ ਦੇ ਪਟਵਾਰੀ ਵੱਲੋਂ ਕੀਤੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿੰਨੇ ਏਕੜ ਫਸਲ ਪ੍ਰਭਾਵਿਤ ਹੋਈ ਹੈ। ਉਨਾਂ੍ਹ ਕਿਹਾ ਕਿ ਮਹਿਕਮੇ ਵੱਲੋਂ ਰਜਵਾਹੇ 'ਚ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ। ਪਾਣੀ ਬੰਦ ਹੋਣ ਤੋਂ ਬਾਅਦ ਰਜਵਾਹੇ ਨੂੰ ਦੋਵੇਂ ਪਾਸਿਓ ਮਿੱਟੀ ਨਾਲ ਪੂਰ ਦਿੱਤਾ ਜਾਵੇਗਾ।