ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ- ਮੋਗਾ ਰੋਡ 'ਤੇ ਸਵੇਰੇ ਵੱਡੀ ਗਿਣਤੀ 'ਚ ਮਿ੍ਰਤਕ ਗਊਆਂ ਮਿਲੀਆਂ ਹਨ। ਮਿ੍ਰਤਕ ਗਊਆਂ ਦਾ ਪਤਾ ਲੱਗਣ 'ਤੇ ਵੱਡੀ ਗਿਣਤੀ 'ਚ ਗਊ ਰੱਖਿਆ ਦਲ ਦੇ ਆਗੂ ਤੇ ਵਰਕਰ ਘਟਨਾ ਸਥਾਨ 'ਤੇ ਪਹੰੁਚ ਗਏ ਜਿਨ੍ਹਾਂ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਇਸ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕੀਤੀ।

ਜਾਣਕਾਰੀ ਅਨੁਸਾਰ ਬੀਤੀ ਰਾਤ ਅਣਪਛਾਤੇ ਵਿਅਕਤੀ ਮਿ੍ਰਤਕ ਗਊਆਂ ਨੂੰ ਹਾਈਵੇ 'ਤੇ ਛੱਡ ਕੇ ਫ਼ਰਾਰ ਹੋ ਗਏ। ਸਵੇਰੇ ਇਸ ਦੀ ਘਟਨਾ ਦੀ ਸੂਚਨਾ ਲੋਕਾਂ ਨੇ ਪੁਲਿਸ ਨੂੰ ਦਿੱਤੀ। ਇਸ ਘਟਨਾ ਦੇ ਬਾਅਦ ਸ਼ਹਿਰ 'ਚ ਹਲ-ਚਲ ਮੱਚ ਗਈ ਤੇ ਗਊ ਰੱਖਿਆ ਦਲ ਦੇ ਆਗੂ ਤੇ ਵਰਕਰ ਘਟਨਾ ਸਥਾਨ 'ਤੇ ਇਕੱਤਰ ਹੋ ਗਏ ਜਿਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਇਸ ਘਟਨਾ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਕ ਪਾਸੇ ਤਾਂ ਵੱਡੇ-ਵੱਡੇ ਦਾਅਵੇ ਕਰ ਰਹੀ ਪਰ ਦੂਜੇ ਪਾਸੇ ਲੋਕਾਂ ਦੀਆਂ ਸਮੱਸਿਆ ਵੱਲ ਧਿਆਨ ਬਿਲਕੁਲ ਵੀ ਨਹੀਂ ਦੇ ਰਹੀ। ਸੱਤਾ 'ਤੇ ਬਿਰਾਜਮਾਨ ਹੋਣ ਮਗਰੋਂ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦੇ ਭੁੱਲ ਗਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਏ ਦਿਨੀਂ ਗਊਆਂ ਰਸਤੇ 'ਚ ਮਰੀਆਂ ਮਿਲਦੀਆਂ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਵੱਲ ਕਈ ਵੀ ਧਿਆਨ ਨਹੀਂ ਦੇ ਰਿਹਾ। ਘਟਨਾ ਸਥਾਨ 'ਤੇ ਪਹੁੰਚੇ ਥਾਣਾ ਮੁਖੀ ਗੁਰਵੀਰ ਸਿੰਘ ਤੇ ਥਾਣਾ ਸਦਰ ਦੇ ਮੁਖੀ ਬਲਜੀਤ ਸਿੰਘ ਨੇ ਵੈਟਨਰੀ ਡਾਕਟਰਾਂ ਦੀ ਮਦਦ ਨਾਲ ਮਿ੍ਰਤਕ ਗਾਵਾਂ ਦਾ ਪੋਸਟਮਾਰਟਮ ਕਰਵਾਇਆ ਗਿਆ।

ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਲੋਕਾਂ ਦੇ ਖ਼ਿਲਾਫ਼ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗਊਆਂ ਦੀ ਮੌਤ ਦੇ ਕਾਰਨ ਦਾ ਪਤਾ ਲਗਾਇਆ ਜਾਵੇਗਾ ਤੇ ਹੁਣ ਤੱਕ 13 ਗਊਆਂ ਮਿ੍ਰਤਕ ਪਾਈਆਂ ਗਈਆਂ ਹਨ।

ਗਊ ਰੱਖਿਆ ਦਲ ਦੇ ਪ੍ਰਧਾਨ ਵਿਜੈ ਮਾਰਵਾੜੀ ਨੇ ਕਿਹਾ ਕਿ ਸਰਕਾਰ ਨੂੰ ਟੈਕਸ ਦੇਣ ਦੇ ਬਾਵਜੂਦ ਵੀ ਗਊਆਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ। ਇਸ ਮੌਕੇ ਗਊ ਰੱਖਿਆ ਦਲ ਦੇ ਆਗੂਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।