ਜਗਸੀਰ ਦਾਸ, ਲੌਂਗੋਵਾਲ (ਸੰਗਰੂਰ) : ਕੋਰੋਨਾ ਕਾਰਨ ਪਿੰਡ ਤਕੀਪੁਰ 'ਚ ਹਫ਼ਤੇ ਦੌਰਾਨ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਇਸ ਦੁਖਾਂਤ ਕਾਰਨ ਪਿੰਡ ਦੇ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਹਨ। ਪਿੰਡ ਤਕੀਪੁਰ ਦੇ ਸਾਬਕਾ ਸਰਪੰਚ ਤਰਲੋਕ ਸਿੰਘ, ਉਨ੍ਹਾਂ ਦੇ ਦੋ ਬੇਟੇ ਤੇ ਇੱਕ ਬੇਟੀ ਕੋਰੋਨਾ ਦੀ ਭੇਟ ਚੜ੍ਹ ਗਏ ਅਤੇ ਉਨ੍ਹਾਂ ਹੱਸਦਾ ਵਸਦਾ ਪਰਿਵਾਰ ਦਿਨਾਂ ਵਿੱਚ ਹੀ ਬਰਬਾਦ ਹੋ ਗਿਆ। ਲਗਭਗ 80 ਕਿੱਲੇ ਜ਼ਮੀਨ ਦੇ ਮਾਲਕ ਤਰਲੋਕ ਸਿੰਘ ਆਪਣੇ ਪਰਿਵਾਰ ਨਾਲ ਖ਼ੁਸ਼ੀ-ਖ਼ੁਸ਼ੀ ਜੀਵਨ ਬਤੀਤ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾ ਇਸ ਬਿਮਾਰੀ ਦੀ ਮਾਰ ਉਨ੍ਹਾਂ ਦੀ 55 ਸਾਲਾ ਧੀ ਸੁਖੀ (ਪਿੰਡ ਸੈਦੋਵਾਲ) 'ਤੇ ਪਈ ਅਤੇ 1 ਮਈ ਨੂੰ ਉਹ ਦਮ ਤੋੜ ਗਈ। ਉਸ ਤੋਂ ਬਾਅਦ 4 ਮਈ ਨੂੰ ਸਰਪੰਚ ਤਰਲੋਕ ਸਿੰਘ ਬਿਮਾਰੀ ਦੀ ਤਾਬ ਨਾ ਝੱਲਦਿਆਂ ਸੰਸਾਰ ਨੂੰ ਛੱਡ ਗਏ।

ਇਸ ਤੋਂ ਬਾਅਦ ਉਨ੍ਹਾਂ ਦੇ ਦੋਵੇਂ ਹੋਣਹਾਰ ਪੁੱਤਰ ਹਰਪਾਲ ਸਿੰਘ ਲਾਡੀ (47) ਅਤੇ ਜਸਪਾਲ ਸਿੰਘ ਜੱਸਾ (52) ਨੂੰ ਵੀ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਦੋਵੇਂ ਹੀ ਭਰਾਵਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਜਿਥੇ 7 ਮਈ ਨੂੰ ਹਰਪਾਲ ਸਿੰਘ ਲਾਡੀ ਅਤੇ 8 ਮਈ ਨੂੰ ਜਸਪਾਲ ਸਿੰਘ ਜੱਸਾ ਦੀ ਵੀ ਮੌਤ ਹੋ ਗਈ ਅਤੇ ਹਾਲਾਤ ਅਜਿਹੇ ਬਣ ਗਏ ਕਿ ਇਸ ਪਰਿਵਾਰ ਦੇ ਇੱਕ ਜੀਅ ਦਾ ਅੰਗੀਠਾ ਸੰਭਾਲਿਆ ਜਾਂਦਾ ਤਾਂ ਦੂਜੇ ਦੀ ਮੌਤ ਹੋ ਜਾਂਦੀ।

ਜਾਣਕਾਰੀ ਅਨੁਸਾਰ ਇਸ ਪਿੰਡ ਦੇ ਹੋਰ ਦੋ ਮਰੀਜ਼ ਇਲਾਜ਼ ਅਧੀਨ ਹਨ। ਇਹ ਵੀ ਚਰਚਾ ਹੈ ਕਿ ਪਿੰਡ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਅੱਧੀ ਦਰਜਨ ਦੇ ਕਰੀਬ ਹੋਰ ਵੀ ਮੌਤਾਂ ਹੋਈਆਂ ਹਨ। ਭਾਵੇਂ ਪਿੰਡ ਵਾਸੀ ਇਨ੍ਹਾਂ ਮੌਤਾਂ ਦੇ ਕਾਰਨ ਕੁਦਰਤੀ ਜਾਂ ਹੋਰ ਦੱਸਦੇ ਹਨ ਪਰ ਸ਼ੱਕ ਜ਼ਾਹਰ ਕੀਤਾ ਜਾਂਦਾ ਹੈ ਕਿ ਇਨ੍ਹਾਂ ਮਰਨ ਵਾਲਿਆਂ 'ਚੋਂ ਵੀ ਕੋਰੋਨਾ ਪਾਜ਼ੇਟਿਵ ਵੀ ਹੋ ਸਕਦੇ ਹਨ।

ਖ਼ਬਰ ਕਿ ਸਿਹਤ ਬਲਾਕ ਲੌਂਗੋਵਾਲ 'ਚ ਪਿਛਲੇ ਸਾਲ ਤੋਂ ਲੈ ਕੇ ਹੁਣ ਤਕ ਲਗਭਗ 90 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 30 ਦੇ ਕਰੀਬ ਮੌਤਾਂ ਪਿਛਲੇ 15 ਦਿਨਾਂ ਵਿੱਚ ਹੋਈਆ। ਨੇੜਲੇ ਪਿੰਡ ਸ਼ੇਰੋਂ ਵਿਖੇ ਕੋਰੋਨਾ ਮਹਾਮਾਰੀ ਦੇ ਪੁਸ਼ਟੀ ਵਾਲੇ 2 ਮਰੀਜ਼ਾਂ ਦੀ ਮੌਤ ਹੋ ਗਈ ਹੈ। ਲੌਂਗੋਵਾਲ ਬਲਾਕ ਵਿੱਚ ਸਰਕਾਰੀ ਅੰਕੜਿਆ ਮੁਤਾਬਿਕ ਅਜੇ 85 ਕੋਰੋਨਾ ਮਰੀਜ਼ ਜੇਰੇ ਇਲਾਜ ਹਨ। ਇਨ੍ਹਾਂ ਵਿੱਚੋਂ 13 ਲੌਂਗੋਵਾਲ ਕਸਬੇ ਨਾਲ ਸਬੰਧਤ ਹਨ।

ਮਾਮੂਲੀ ਲੱਛਣ ਦਿਖਣ 'ਤੇ ਕਰਵਾਓ ਟੈਸਟ : ਡਾ. ਅੰਜੂ ਸਿੰਗਲਾ

ਐੱਸਐੱਮਓ ਲੌਂਗੋਵਾਲ ਡਾ. ਅੰਜੂ ਸਿੰਗਲਾ ਦਾ ਕਹਿਣਾ ਹੈ ਕਿ ਇਸ ਬਿਮਾਰੀ ਨੂੰ ਹਲਕੇ 'ਚ ਬਿਲਕੁੱਲ ਵੀ ਨਾ ਲਿਆ ਜਾਵੇ। ਸਿਹਤ ਵਿਭਾਗ ਵੱਲੋਂ ਥਾਂ-ਥਾਂ 'ਤੇ ਕੋਰੋਨਾ ਦੀ ਜਾਂਚ ਅਤੇ ਵੈਕਸੀਨ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਮਾਮੂਲੀ ਲੱਛਣ ਵਿਖਾਈ ਦੇਣ 'ਤੇ ਕੋਰੋਨਾ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ।