ਕੇਵਲ ਸਿੰਘ ਸਹੋਤਾ, ਸੰਦੌੜ : ਪੰਜਾਬ ਹੈਲਥ ਵਿਭਾਗ ਦੀਆਂ ਹਦਾਇਤਾਂ 'ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਰਜੀਤ ਕੌਰ ਪ੍ਰਾਇਮਰੀ ਸਿਹਤ ਕੇਂਦਰ ਪਿੰਡ ਫ਼ਤਹਿਗੜ੍ਹ ਪੰਜਗਰਾਈਆਂ ਦੀ ਅਗਵਾਈ 'ਚ ਡਾਕਟਰਾਂ ਦੀਆਂ 29 ਟੀਮਾਂ ਵੱਲੋਂ ਵੀਰਵਾਰ ਨੂੰ ਸੰਦੌੜ ਦੇ ਇਲਾਕੇ 'ਚ ਸਕਰੀਨਿੰਗ ਕਰਨ ਬਾਰੇ ਪਤਾ ਲੱਗਾ ਹੈ। ਜਿਸ ਵਿਚ ਸਿਹਤ ਵਿਭਾਗ ਸੁਪਰਵਾਈਜ਼ਰ ਗੁਲਜ਼ਾਰ ਖਾਂ, ਨਿਰਭੈ ਸਿੰਘ, ਹਰਭਜਨ ਸਿੰਘ, ਕਰਮਦੀਨ ਅਤੇ ਹਰਮਿੰਦਰ ਸਿੰਘ ਏਐੱਨਐੱਮ ਮਹਿੰਦਰ ਕੌਰ ਅਤੇ ਏਐੱਨਐੱਮ ਮਨਦੀਪ ਕੌਰ ਵੱਲੋਂ ਵਿਦੇਸ਼ ਤੋਂ ਆਏ ਦਰਜਨਾਂ ਲੋਕਾਂ ਦਾ ਅਤੇ ਹੋਲਾ ਮਹੱਲਾ 'ਤੇ ਗਏ ਲੋਕਾਂ ਦਾ ਚੈੱਕਅਪ ਕੀਤਾ ਗਿਆ।

ਇਸ ਮੌਕੇ ਸੁਪਵਾਈਜ਼ਰ ਡਾ. ਗੁਲਜ਼ਾਰ ਖਾਂ ਨੇ ਦੱਸਿਆ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਦੇਸ਼-ਵਿਦੇਸ਼ ਤੋਂ ਆਏ 97 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਹੈ, ਜਿਨ੍ਹਾਂ 'ਚੋਂ ਦੋ ਵਿਅਕਤੀਆਂ 'ਚ ਵਾਇਰਸ ਦੇ ਲੱਛਣ ਪਾਏ ਗਏ ਹਨ। ਜਿਸ ਨੂੰ ਸਿਹਤ ਵਿਭਾਗ ਵੱਲੋਂ ਚੌਕਸੀ ਵਰਤਦਿਆਂ ਮੰਡੀ ਅਹਿਮਦਗੜ੍ਹ ਵਿਖੇ ਸਿਵਲ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਦੋ ਵਿਅਕਤੀਆਂ ਦੇ ਲੱਛਣ ਪਾਏ ਜਾਣ 'ਤੇ ਕਈ ਵਿਦੇਸ਼ੀ ਪਰਿਵਾਰਾਂ ਨੂੰ ਏਕਾਂਤਵਾਸ 'ਚ ਵੀ ਰੱਖਿਆ ਗਿਆ ਹੈ।

ਲੱਛਣ ਪਾਏ ਜਾਣ ਵਾਲੇ ਦੋ ਵਿਅਕਤੀਆਂ ਅਤੇ ਏਕਾਂਤਵਾਸ ਰੱਖੇ ਜਾਣ ਵਾਲੇ ਪਰਿਵਾਰਾਂ ਬਾਰੇ ਪੁੱਛਣ 'ਤੇ ਸਿਹਤ ਵਿਭਾਗ ਨੇ ਅਜੇ ਭੇਦ ਬਰਕਾਰ ਰੱਖਿਆ ਹੈ। ਸਿਰਫ਼ ਏਨਾ ਹੀ ਕਹਿ ਦਿੱਤਾ ਕਿ 2 ਵਿਅਕਤੀਆਂ ਵਿਚ ਵਾਇਰਸ ਦੇ ਲੱਛਣ ਪਾਏ ਗਏ ਹਨ। ਜਦਕਿ ਹੋਲੇ ਮਹੱਲੇ 'ਤੇ ਗਏ ਹੁਣ ਤਕ 167 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਹੈ, ਉਹ ਸਾਰੇ ਤੰਦਰੁਸਤ ਪਾਏ ਗਏ ਹਨ।