ਦਰਸ਼ਨ ਸਿੰਘ ਚੌਹਾਨ, ਸੁਨਾਮ

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਬੁੱਧਵਾਰ ਨੂੰ ਕਾਂਗਰਸੀ ਆਗੂ ਜਸਵਿੰਦਰ ਸਿੰਘ ਧੀਮਾਨ ਦੀ ਅਗਵਾਈ ਹੇਠ ਕੱਢੀ ਤਿਰੰਗਾ ਯਾਤਰਾ ਵਿੱਚ ਸੁਨਾਮ ਦੇ ਟਕਸਾਲੀ ਕਾਂਗਰਸੀਆਂ ਦੀ ਗੈਰ ਮੌਜੂਦਗੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ।ਪਾਰਟੀ ਹਾਈਕਮਾਨ ਦੇ ਆਦੇਸ਼ ਤੇ ਸੁਨਾਮ ਵਿੱਚ ਕੱਢੀ ਤਿਰੰਗਾ 'ਚ ਸੁਨਾਮ ਨਾਲ ਸਬੰਧਿਤ ਕਾਂਗਰਸ ਦੇ ਕਈ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਆਗੂ ਦਿਖਾਈ ਨਹੀਂ ਦਿੱਤੇ ਇੱਥੋਂ ਤੱਕ ਕਿ ਕਾਂਗਰਸੀ ਨਗਰ ਕੌਂਸਲਰਾਂ ਨੇ ਵੀ ਤਿਰੰਗਾ ਯਾਤਰਾ ਤੋਂ ਦੂਰੀ ਬਣਾਈ। ਕਾਂਗਰਸੀ ਲੀਡਰਾਂ ਦੇ ਗੈਰ ਹਾਜ਼ਰ ਰਹਿਣ ਨੂੰ ਸਿਆਸੀ ਮਾਹਿਰ ਗੰਭੀਰਤਾ ਨਾਲ ਦੇਖ ਰਹੇ ਹਨ ਕਿ ਕੀ ਅਜਿਹੇ ਹਾਲਾਤਾਂ ਵਿੱਚ ਪਾਰਟੀ ਮੁੜ ਰਾਜਨੀਤਕ ਤੌਰ ਤੇ ਸ਼ਕਤੀਸ਼ਾਲੀ ਹੋ ਸਕੇਗੀ। ਉਨਾਂ੍ਹ ਦਾ ਮੰਨਣਾ ਹੈ ਕਿ ਜੇਕਰ ਕਾਂਗਰਸ ਪਾਰਟੀ ਨੂੰ ਇਕਜੁੱਟ ਨਾ ਰੱਖਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਪਾਸੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਦੂਜੇ ਪਾਸੇ ਪਾਰਟੀ ਅੰਦਰਲੀ ਅੰਦਰੂਨੀ ਖਿੱਚੋਤਾਣ ਇਸ ਮੁਹਿੰਮ ਦੇ ਰਾਹ ਵਿੱਚ ਰੋੜਾ ਬਣਦੀ ਨਜ਼ਰ ਆ ਰਹੀ ਹੈ। ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਕੀ ਅਜਿਹੇ ਹਾਲਾਤ ਵਿਚ ਕਾਂਗਰਸ ਮੁੜ ਮਜ਼ਬੂਤ ਹੋ ਸਕੇਗੀ। ਚੇਤੇ ਰਹੇ ਕਾਂਗਰਸ ਪਾਰਟੀ ਨੇ ਪੰਜ ਮਹੀਨੇ ਪਹਿਲਾਂ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਸੁਨਾਮ ਹਲਕੇ ਤੋਂ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਸਿਆਸੀ ਪੁੱਤਰ ਜਸਵਿੰਦਰ ਸਿੰਘ ਧੀਮਾਨ ਨੂੰ ਟਿਕਟ ਦੇਕੇ ਚੋਣ ਮੈਦਾਨ ਵਿੱਚ ਉਤਾਰਿਆ ਸੀ ਅਤੇ ਸਿਰਫ਼ 19 ਹਜ਼ਾਰ ਵੋਟਾਂ ਹੀ ਲੈ ਸਕੇ ਸਨ। ਦੱਸਣਯੋਗ ਗੱਲ ਇਹ ਵੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ।