ਪੰਜਾਬੀ ਜਾਗਰਣ ਟੀਮ, ਮਾਲੇਰਕੋਟਲਾ (ਸੰਗਰੂਰ) : ਮਾਲੇਰਕੋਟਲਾ ਦੇ ਨਿਊ ਰਾਣੀ ਮਹਿਲ ਪੈਲੇਸ ਦੇ ਮਾਲਕ ਤੇ ਮਾਲੋਰਕੋਟਲਾ ਦੇ ਵਾਰਡ ਨੰਬਰ 20 ਦੇ ਕਾਂਗਰਸੀ ਕੌਂਸਲਰ ਮੁਹੰਮਦ ਅਨਵਰ (53) ਦੀ ਵੀਰਵਾਰ ਦੇਰ ਰਾਤ ਲੁਧਿਆਣਾ ਰੋਡ 'ਤੇ ਫਾਇਰ ਬ੍ਰਿਗੇਡ ਦੇ ਦਫ਼ਤਰ ਨਜ਼ਦੀਕ ਅਣਪਛਾਤੇ ਵਿਅਕਤੀਆਂ ਨੇ ਮੂੰਹ 'ਚ ਗੋਲ਼ੀ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮੁਹੰਮਦ ਅਨਵਰ ਆਪਣੇ ਦੋਸਤ ਮੁਹੰਮਦ ਸਾਬਰ ਅਰਜ਼ੀ ਨਵੀਸ ਦੀ ਮਾਂ ਦੇ ਜਨਾਜ਼ੇ 'ਚ ਲੁਧਿਆਣਾ ਰੋਡ 'ਤੇ ਸਥਿਤ ਉਜਾਡੂ ਤਕੀਆ ਕਬਰਸਤਾਨ ਤੋਂ ਸਕੂਟਰ 'ਤੇ ਜਾ ਰਿਹਾ ਸੀ। ਸ਼ਹਿਰ ਦਾ ਬਾਜ਼ਾਰ ਬੰਦ ਹੋ ਚੁੱਕਾ ਸੀ। ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਤੇ ਉਸ ਦੇ ਮੂੰਹ 'ਚ ਰਿਵਾਲਵਰ ਰੱਖ ਕੇ ਗੋਲ਼ੀ ਮਾਰੀ ਤੇ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਹਾਲਤ 'ਚ ਕੌਂਸਲਰ ਮੁਹੰਮਦ ਅਨਵਰ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਡੀਐੱਸਪੀ ਸੁਮੀਤ ਸੂਦ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕੌਂਸਲਰ ਮੁਹੰਮਦ ਅਨਵਰ ਸਕੂਟਰ 'ਤੇ ਸਵਾਰ ਹੋ ਕੇ ਆਪਣੇ ਦੋਸਤ ਦੀ ਮਾਂ ਦੇ ਜਨਾਜ਼ੇ 'ਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਜਨਾਜ਼ਾ ਹਾਲੇ ਕੁਝ ਪਿੱਛੇ ਹੀ ਸੀ ਕਿ ਫਾਇਰ ਬ੍ਰਿਗੇਡ ਦੇ ਦਫ਼ਤਰ ਦੇ ਨਜ਼ਦੀਕ ਕਿਸੇ ਨੇ ਉਸ ਨੂੰ ਘੇਰ ਲਿਆ। ਸੜਕ ਦੇ ਵਿਚ ਉਸ ਦੇ ਮੂੰਹ 'ਚ ਹਥਿਆਰ ਰੱਖ ਕੇ ਗੋਲ਼ੀ ਮਾਰੀ ਗਈ ਹੈ। ਗੋਲ਼ੀ ਮੁਹੰਮਦ ਅਨਵਰ ਦੇ ਗਲ਼ੇ ਵਿਚ ਲੱਗੀਆਂ ਹੈ। ਉਸ ਨੂੰ ਜਨਾਜ਼ੇ ਦੇ ਨਾਲ ਜਾ ਰਹੇ ਲੋਕ ਹੀ ਸਿਵਲ ਹਸਪਤਾਲ ਲੈ ਕੇ ਗਏ।

ਡੀਐੱਸਪੀ ਸੂਦ ਨੇ ਕਿਹਾ ਕਿ ਪੁਲਿਸ ਵੱਲੋਂ ਘਟਨਾ ਵਾਲੀ ਥਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਕੇ ਹਥਿਆਰਾਂ ਦੀ ਪਛਾਣ ਕੀਤੀ ਜਾਵੇਗੀ। ਹਾਲੇ ਕੁਝ ਨਹੀਂ ਪਤਾ ਲੱਗਾ ਕਿ ਕਿੰਨੇ ਵਿਅਕਤੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੋਸਟਮਾਰਟਮ ਦੇ ਬਾਅਦ ਹੀ ਪਤਾ ਲੱਗੇਗਾ ਕਿ ਮੁਹੰਮਦ ਅਨਵਰ ਨੂੰ ਕਿੰਨੀਆਂ ਗੋਲ਼ੀਆਂ ਮਾਰੀਆਂ ਗਈਆਂ। ਪੁਲਿਸ ਵੱਲੋਂ ਮੁੱਢਲੀ ਜਾਂਚ 'ਚ ਦੋ ਗੋਲ਼ੀਆਂ ਚਲਾਏ ਜਾਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ।

Posted By: Jagjit Singh