ਮੁਕੇਸ਼ ਸਿੰਗਲਾ, ਭਵਾਨੀਗੜ੍ਹ :

ਸਬ ਡਵੀਜ਼ਨ ਭਵਾਨੀਗੜ੍ਹ ਦੇ ਨਜ਼ਦੀਕੀ ਪਿੰਡ ਘਰਾਚੋਂ 'ਚ ਸ਼ਨਿਚਰਵਾਰ ਨੂੰ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਦਲਿਤ ਭਾਈਚਾਰੇ ਲਈ ਰਾਖਵੀਂ ਪੰਚਾਇਤੀ ਜ਼ਮੀਨ ਨੂੰ ਠੇਕੇ 'ਤੇ ਲੈਣ ਵਾਲੇ ਵਿਅਕਤੀਆਂ ਵੱਲੋਂ ਜ਼ਮੀਨ ਨੂੰ ਟਰੈਕਟਰ ਨਾਲ ਵਾਹੁਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪਿਛਲੇ ਕਰੀਬ ਡੇਢ ਮਹੀਨੇ ਤੋਂ ਜ਼ਮੀਨ ਪ੍ਰਰਾਪਤੀ ਸ਼ੰਘਰਸ਼ ਕਮੇਟੀ ਦੀ ਅਗਵਾਈ ਹੇਠ ਡੰਮੀ ਬੋਲੀ ਰੱਦ ਕਰਵਾਉਣ ਨੂੰ ਲੈ ਕੇ ਜ਼ਮੀਨ 'ਚ ਲਗਾਤਾਰ ਧਰਨਾ ਲਾ ਬੈਠੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਜ਼ਮੀਨ 'ਤੇ ਕਬਜ਼ੇ ਦੀ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ।

ਓਧਰ ਮੌਕੇ 'ਤੇ ਸਥਿਤੀ ਟਕਰਾਅ ਵਾਲੀ ਬਣਦੀ ਦੇਖ ਪ੍ਰਸ਼ਾਸਨ ਨੇ ਟਰੈਕਟਰ ਨੂੰ ਕਬਜ਼ੇ ਵਿੱਚ ਲੈ ਕੇ ਵਿਅਕਤੀਆਂ ਨੂੰ ਜ਼ਮੀਨ ਵਾਹੁਣ ਤੋਂ ਰੋਕ ਕੇ ਜ਼ਮੀਨ ਵਾਲੀ ਥਾਂ 'ਤੇ ਭਾਰੀ ਪਿੁਲਸ ਬਲ ਤੈਨਾਤ ਕਰ ਦਿੱਤੇ ਹਨ। ਸੰਘਰਸ਼ ਕਮੇਟੀ ਬਿੱਕਰ ਸਿੰਘ ਵਿੱਤ ਸਕੱਤਰ ਅਤੇ ਇਕਾਈ ਘਰਾਚੋਂ ਦੇ ਪ੍ਰਧਾਨ ਗੁਰਚਰਨ ਸਿੰਘ ਸਮੇਤ ਹੋਰ ਆਗੂਆਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਦਲਿਤ ਭਾਈਚਾਰੇ ਲਈ ਪੰਚਾਇਤੀ ਜ਼ਮੀਨ ਦੀ ਰਾਖਵੇਂ ਤੀਜੇ ਹਿੱਸੇ ਦੀ ਡੰਮੀ ਬੋਲੀ ਕਰਵਾ ਕੇ ਪ੍ਰਸ਼ਾਸਨ ਨੇ ਸੱਧਤਾਧਾਰੀ ਆਗੂ ਦੇ ਇਸ਼ਾਰੇ 'ਤੇ ਅਸਲ ਹੱਕਦਾਰਾਂ ਨੂੰ ਦੇਣ ਦੀ ਬਜਾਏ ਆਪਣੇ ਚਹੇਤਿਆਂ ਦੇ ਪੱਖ 'ਚ ਕਰਵਾ ਦਿੱਤੀ। ਜਿਸਨੂੰ ਰੱਦ ਕਰਵਾਉਣ ਲਈ ਭਾਈਚਾਰੇ ਦੇ ਲੋਕ ਲਗਾਤਾਰ ਸੰਘਰਸ਼ ਕਰ ਰਹੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਪੁਲਿਸ ਦੀ ਸ਼ਹਿ 'ਤੇ ਧੱਕਾ ਕਰਦੇ ਹੋਏ ਦਲਿਤਾਂ ਦੇ ਹਿੱਸੇ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਉਹ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕਰਨਗੇ।

ਇਸ ਮੌਕੇ ਉਨ੍ਹਾਂ ਦੇ ਨਾਲ ਭਾਨ ਸਿੰਘ, ਕੇਵਲ ਸਿੰਘ, ਚਮਕੌਰ ਸਿੰਘ, ਚਰਨਜੀਤ ਕੌਰ, ਪਰਦੀਪ ਸਿੰਘ, ਸੁਖਜੀਤ ਕੌਰ, ਕਰਨੈਲ ਕੌਰ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ।

---------

ਟਕਰਾਅ ਤੋਂ ਬਚਣ ਲਈ ਲੋਕਾਂ ਨੂੰ ਹਟਾਇਆ

ਇਸ ਮੌਕੇ ਬੂਟਾ ਸਿੰਘ ਗਿੱਲ ਡੀਐੱਸਪੀ (ਐੱਚ) ਸੰਗਰੂਰ ਨੇ ਪੁਲਿਸ 'ਤੇ ਕਬਜ਼ਾ ਕਰਵਾਉਣ ਦੇ ਲਾਏ ਜਾ ਰਹੇ ਦਲਿਤਾਂ ਦੇ ਦੋਸ਼ਾਂ ਨੂੰ ਮੁੱਢ ਤੋਂ ਖਾਰਜ ਕਰਦਿਆਂ ਕਿਹਾ ਕਿ ਪੁਲਿਸ ਜ਼ਮੀਨ 'ਤੇ ਕੋਈ ਕਬਜ਼ਾ ਨਹੀਂ ਕਰਵਾ ਰਹੀ ਬਲਕਿ ਸਥਿਤੀ ਨੂੰ ਕਾਬੂ ਹੇਠ ਕਰਕੇ ਟਕਰਾਅ ਹੋਣ ਤੋਂ ਬਚਾ ਕੇ ਲੋਕਾਂ ਨੂੰ ਹਟਾਇਆ ਗਿਆ ਹੈ।