ਯੋਗੇਸ਼ ਸ਼ਰਮਾ, ਭਦੌੜ : ਕਸਬਾ ਭਦੌੜ ਅੰਦਰ ਲੰਮੇ ਅਰਸੇ ਤੋਂ ਲਗਾਤਾਰ ਹੋ ਰਹੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਪੁਲਿਸ ਲੰਬੇ ਸਮੇਂ ਤੋਂ ਕਿਸੇ ਵੀ ਚੋਰ ਗਿਰੋਹ ਨੂੰ ਫੜਨ 'ਚ ਸਫ਼ਲ ਨਹੀਂ ਹੋ ਸਕੀ। ਜਿਸ ਕਾਰਨ ਚੋਰਾਂ ਦੇ ਹੌਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ ਤੇ ਚੋਰੀਆਂ ਦਾ ਸਿਲਸਿਲਾ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ। ਜਿਸ ਨੂੰ ਲੈ ਕੇ ਜਿੱਥੇ ਆਮ ਲੋਕਾਂ ਅੰਦਰ ਪੁਲਿਸ ਪ੍ਰਸ਼ਾਸਨ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਉੱਥੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਹੈਲੰਘੀ ਰਾਤ ਵੀ ਚੋਰਾਂ ਨੇ ਭਦੌੜ ਦੀਆਂ ਤਿੰਨ ਦੁਕਾਨਾਂ 'ਤੇ ਹੱਥ ਸਾਫ਼ ਕਰਦਿਆਂ 80 ਹਜ਼ਾਰ ਰੁਪਏ ਦੀ ਨਗਦੀ ਤੇ ਹਜ਼ਾਰਾਂ ਰੁਪਏ ਦਾ ਸਾਮਾਨ ਉਡਾਇਆ ਤੇ ਫ਼ਰਾਰ ਹੋ ਗਏ, ਤਿੰਨਾਂ 'ਚੋਂ ਦੋ ਦੁਕਾਨਾਂ 'ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਚੋਰ ਇਕ ਸਵਿਫਟ ਕਾਰ 'ਤੇ ਆਏ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਅਨੁਸਾਰ ਚੋਰਾਂ ਨੇ ਇਨ੍ਹਾਂ ਚੋਰੀਆਂ ਨੂੰ ਸਵੇਰੇ ਸਵੱਖਤੇ ਚਾਰ ਵਜੇ ਤੋਂ ਲੈ ਕੇ ਸਾਢੇ ਚਾਰ ਵਜੇ ਤਕ ਅੰਜਾਮ ਦਿੱਤਾਸਭ ਤੋਂ ਪਹਿਲਾਂ ਸਵੇਰੇ ਚਾਰ ਵਜੇ ਬਰਨਾਲਾ ਰੋਡ 'ਤੇ ਸਥਿਤ ਪ੍ਰਦੀਪ ਸੈਨੀਟੇਸ਼ਨਜ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਉਥੋਂ 40 ਹਜ਼ਾਰ ਰੁਪਏ ਦੀ ਨਕਦੀ ਤੇ ਹਜ਼ਾਰਾਂ ਰੁਪਏ ਦਾ ਸੈਨਟਰੀ ਦਾ ਸਾਮਾਨ ਟੂਟੀਆਂ ਆਦਿ ਲੈ ਕੇ ਰਫੂ ਚੱਕਰ ਹੋ ਗਏ। ਇਸ ਉਪਰੰਤ ਬਾਜਾਖਾਨਾ ਰੋਡ 'ਤੇ ਲੱਕੀ ਟਿੰਬਰ ਸਟੋਰ ਤੋਂ ਵੀ ਚੋਰਾਂ ਨੇ ਕੀਮਤੀ ਸਾਮਾਨ ਚੋਰੀ ਕੀਤਾ ਤੇ ਅਖੀਰ 'ਚ ਥਾਣੇ ਤੋਂ ਮਹਿਜ਼ 200 ਮੀਟਰ ਦੀ ਦੂਰੀ 'ਤੇ ਸਥਿਤ ਧਾਲੀਵਾਲ ਮੈਡੀਕਲ ਹਾਲ ਦਾ ਸ਼ਟਰ ਤੋੜ ਕੇ ਚੋਰਾਂ ਨੇ ਉਸ ਦੇ ਗੱਲਿਆਂ 'ਚੋਂ ਚਾਲੀ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਤੇ ਫ਼ਰਾਰ ਹੋ ਗਏ। ਸੀਸੀਟੀਵੀ ਕੈਮਰੇ 'ਚ ਸਾਰੀ ਘਟਨਾ ਕੈਦ ਹੋ ਗਈ, ਚੋਰਾਂ ਦੀ ਗਿਣਤੀ ਪੰਜ ਦੱਸੀ ਜਾ ਰਹੀ ਹੈ ਤੇ ਉਹ ਬਿਨ੍ਹਾਂ ਨੰਬਰ ਪਲੇਟ ਵਾਲੀ ਸਵਿਫਟ ਕਾਰ 'ਤੇ ਸਵਾਰ ਸਨ। ਸੀਸੀਟੀਵੀ ਕੈਮਰੇ 'ਚ ਆਈ ਫੁਟੇਜ 'ਚ ਚੋਰਾਂ ਦੇ ਇੱਕੋ ਜਿਹੀਆਂ ਜੈਕਟਾਂ ਪਾਈਆਂ ਦਿਸ ਰਹੀਆਂ ਹਨ ਤੇ ਮੂੰਹ ਬੰਨੇ ਹੋਏ ਸਨ। ਪੀੜਤ ਦੁਕਾਨਦਾਰਾਂ ਡਾ: ਗੁਰਤੇਜ ਸਿੰਘ ਧਾਲੀਵਾਲ, ਪ੍ਰਦੀਪ ਕਾਲੂ, ਸੁਭਾਸ਼ ਸਿੰਗਲਾ ਤੇ ਲੱਕੀ ਟਿੰਬਰ ਸਟੋਰ ਨੇ ਥਾਣਾ ਭਦੌੜ ਵਿਖੇ ਰਿਪੋਰਟ ਲਿਖਵਾਉਦਿਆਂ ਚੋਰਾਂ ਨੂੰ ਜਲਦੀ ਕਾਬੂ ਕਰਨ ਦੀ ਗੁਹਾਰ ਲਗਾਈ ਹੈ। ਜਦੋਂ ਇਸ ਸਬੰਧੀ ਥਾਣਾ ਭਦੌੜ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।