ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਕੋਵਿਡ-19 ਵਿੱਚ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਨੂੰ ਟੈਕਸਾਂ ਰਾਹੀਂ ਜਾ ਬਿੱਲਾਂ ਰਾਹੀਂ ਲੁੱਟਣ ਉੱਤੇ ਲੱਗੀ ਹੋਈ ਹੈ। ਹਰਪਾਲ ਸਿੰਘ ਚੀਮਾ ਇਥੇ ਦਿੜ੍ਹਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਉਨ੍ਹਾਂ ਕਿਹਾ ਕਿ 22 ਮਾਰਚ ਤੋਂ ਲੈ ਕੇ ਕਰੀਬ ਦੋ ਮਹੀਨੇ ਪੰਜਾਬ ਵਿੱਚ ਲਾਕਡਾਊਨ ਅਤੇ ਕਰਿਫ਼ਊ ਕਾਰਨ ਦੁਕਾਨਾਂ ਅਤੇ ਫੈਕਟਰੀਆਂ ਬੰਦ ਰਹੀਆਂ ਹਨ। ਉਨ੍ਹਾਂ ਵਿੱਚ ਕੋਈ ਲਾਟੂ ਵੀ ਨਹੀਂ ਬਾਲਿਆ ਗਿਆ ਪਰ ਪਾਵਰਕਾਮ ਨੇ ਪੰਜਾਬ ਸਰਕਾਰ ਦੇ ਇਸ਼ਾਰੇ ਉੱਤੇ ਸਾਰੇ ਦੁਕਾਨਦਾਰਾਂ ਨੂੰ ਅਤੇ ਫੈਕਟਰੀ ਮਾਲਿਕਾਂ ਨੂੰ ਵੱਡੇ-ਵੱਡੇ ਬਿਜਲੀ ਦੇ ਬਿਲ ਭੇਜ ਦਿੱਤੇ ਹਨ। ਜਦੋਂ ਇਨ੍ਹਾਂ ਦਿਨਾਂ ਵਿੱਚ ਬਿਜਲੀ ਦੀ ਕੋਈ ਖਪਤ ਨਹੀਂ ਹੋਈ ਅਤੇ ਦੁਕਾਨਦਾਰਾਂ ਦੀ ਕੋਈ ਆਮਦਨ ਵੀ ਨਹੀਂ ਹੋਈ ਸਗੋਂ ਦੁਕਾਨਾਂ ਦੇ ਕਿਰਾਏ ਅਤੇ ਹੋਰ ਖਰਚੇ ਪਏ ਹਨ।

ਪੰਜਾਬ ਸਰਕਾਰ ਨੇ ਦੁਕਾਨਦਾਰਾਂ ਨੂੰ ਰਾਹਤ ਦੇਣ ਦੀ ਬਜਾਏ ਉਨਾਂ ਨੂੰ ਵੱਡੇ-ਵੱਡੇ ਬਿੱਲ ਫੜਾ ਕੇ ਉਨ੍ਹਾਂ ਦਾ ਕਚੁੰਮਰ ਕੱਢ ਦਿੱਤਾ ਹੈ। ਪੰਜਾਬ ਸਰਕਾਰ ਇਸ ਗੰਭੀਰ ਮਸਲੇ ਉੱਤੇ ਵਿਚਾਰ ਕਰੇ ਅਤੇ ਦੁਕਾਨਦਾਰਾਂ ਨੂੰ ਬਿੱਲ ਮੁਆਫ਼ ਕਰਕੇ ਰਾਹਤ ਦੇਵੇ। ਇਸ ਮੌਕੇ ਜ਼ਿਲ੍ਹਾ ਯੂਥ ਆਗੂ ਗੁਰਜਿੰਦਰ ਸਿੰਘ ਕਾਕਾ, ਮਲੂਕ ਸਿੰਘ ਕੌਹਰੀਆਂ, ਮਨਿੰਦਰ ਸਿੰਘ ਘੁਮਾਣ ਆਦਿ ਹਾਜ਼ਰ ਸਨ।