ਯੋਗੇਸ਼ ਸ਼ਰਮਾ, ਭਦੌੜ :

ਸੀਨੀਅਰ ਕਾਂਗਰਸੀ ਆਗੂ, ਆੜ੍ਹਤੀਆ ਐਸੋਸੀਏਸ਼ਨ ਭਦੌੜ ਦੇ ਪ੍ਰਧਾਨ ਤੇ ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਬਾਬੂ ਅਜੇ ਕੁਮਾਰ ਨੇ ਆੜ੍ਹਤੀਆਂ ਦੇ ਵਫ਼ਦ ਨਾਲ ਜ਼ਿਲ੍ਹਾ ਬਰਨਾਲਾ ਦੀ ਨੁਮਾਇੰਦਗੀ ਕਰਦਿਆਂ ਫੂਡ ਸਪਲਾਈ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨਾਲ ਮੁਲਾਕਾਤ ਕੀਤੀ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਨੂੰ ਬੇਬਾਕੀ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅੱਗੇ ਰੱਖਿਆ। ਚੇਅਰਮੈਨ ਬਾਬੂ ਅਜੇ ਕੁਮਾਰ ਭਦੌੜ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੁਝ ਆੜ੍ਹਤੀਆਂ ਦਾ ਪਿਛਲੀਂ ਹਾੜ੍ਹੀ ਦੀ ਫ਼ਸਲ ਦਾ 131 ਕਰੋੜ ਰੁਪਿਆ ਪੰਜਾਬ ਸਰਕਾਰ ਵੱਲ ਬਕਾਇਆ ਪਿਆ ਹੈ। ਜਿਸ ਨੂੰ ਜਲਦ ਜਾਰੀ ਕਰਨ ਲਈ ਕੈਬਨਿਟ ਮੰਤਰੀ ਨੂੰ ਬੇਨਤੀ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਭਰੋਸਾ ਦਿਵਾਇਆ ਹੈ, ਕਿ ਆਉਣ ਵਾਲੇ ਦਿਨ੍ਹਾਂ 'ਚ ਪੰਜਾਬ ਸਰਕਾਰ ਦੀ ਕੇਂਦਰ ਤੋਂ ਖੇਤੀਬਾੜੀ ਲਿਮਿਟ ਪਾਸ ਹੋਣ ਜਾ ਰਹੀ ਹੈ, ਜਦੋਂ ਵੀ ਉਕਤ ਲਿਮਿਟ ਪਾਸ ਹੋ ਜਾਵੇਗੀ, ਤਾਂ ਪਹਿਲ ਦੇ ਆਧਾਰ 'ਤੇ ਆੜ੍ਹਤੀਆਂ ਦਾ ਬਕਾਇਆ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸੀਜ਼ਨ ਦੀ ਆੜ੍ਹਤੀਆਂ ਦੀ 2.5 ਫੀਸਦੀ ਆੜ੍ਹਤ 'ਚੋਂ ਐੱਫਸੀਆਈ ਨੇ ਸਿਰਫ 45 ਰੁਪਏ ਪ੍ਰਤੀ ਕੁਏਟਲ ਹੀ ਜਾਰੀ ਕੀਤੇ, ਜਦੋਂ ਕਿ ਅਸਲ ਕੀਮਤ 47 ਰੁਪਏ 13 ਪੈਸੇ ਬਣਦੀ ਸੀ, ਇਹ ਬਕਾਇਆ ਵੀ ਕੇਦਰ ਸਰਕਾਰ ਵੱਲ ਬਾਕੀ ਪਿਆ ਹੈ। ਜਿਸ ਲਈ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ, ਤਾਂ ਕਿ ਉਹ ਬਕਾਇਆ ਵੀ ਆੜ੍ਹਤੀਆਂ ਨੂੰ ਮਿਲ ਸਕੇ। ਇਸ ਮੌਕੇ ਆੜ੍ਹਤੀਆਂ ਦੇ ਵਫ਼ਦ ਨਾਲ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।