ਬਲਜੀਤ ਸਿੰਘ ਟਿੱਬਾ, ਸੰਗਰੂਰ : ਪਿੰਡ ਮੰਡਵੀਂ ਥਾਣਾ ਖਨੌਰੀ ਵਿਖੇ ਵਿਆਹੁਤਾ ਨੂੰ ਅੱਗ ਲਾ ਕੇ ਸਾੜਨ ਦੇ ਦੋਸ਼ ਹੇਠ ਦਰਜ ਕੇਸ 'ਚ ਲੋੜੀਂਦੇ ਸਹੁਰੇ ਪਰਿਵਾਰ ਦੀ ਗਿ੍ਫ਼ਤਾਰੀ ਲਈ ਮਿ੍ਤਕਾ ਦੇ ਪੇਕਾ ਪਰਿਵਾਰ ਨੇ ਪੰਚਾਇਤ ਸਮੇਤ ਐੱਸਐੱਸਪੀ ਨਾਲ ਮੁਲਾਕਾਤ ਕੀਤੀ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਕਤਲ ਦੇ ਦੋਸ਼ ਹੇਠ ਦਰਜ ਹੋਏ ਕੇਸ 'ਚ ਮਿ੍ਤਕਾ ਦੀ ਸੱਸ, ਸਹੁਰਾ, ਵਿਚੋਲਾ ਤੇ ਦੋਵੇਂ ਨਨਾਣਾਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ।

ਮਿ੍ਤਕਾ ਦੇ ਪਿਤਾ ਮੋਹਨ ਸਿੰਘ ਨੇ ਦੱਸਿਆ ਕਿ 26 ਫਰਵਰੀ 2022 ਨੂੰ ਉਨ੍ਹਾਂ ਦੀ ਲੜਕੀ ਪਰਮਜੀਤ ਕੌਰ 'ਤੇ ਸਹੁਰੇ ਪਰਿਵਾਰ ਵੱਲੋਂ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ ਸੀ। ਲੜਕੀ ਨੇ ਜ਼ਖ਼ਮੀ ਹਾਲਤ ਵਿਚ ਮੁਹਾਲੀ ਵਿਖੇ ਮੈਜਿਸਟੇ੍ਟ ਸਾਹਮਣੇ ਬਿਆਨ ਦਰਜ ਕਰਵਾਇਆ ਜਿਸ ਮਗਰੋਂ ਇਰਾਦਾ ਕਤਲ ਸਣੇ ਵੱਖ-ਵੱਖ ਧਾਰਾਵਾਂ ਤਹਿਤ ਸਹੁਰਾ ਪਰਿਵਾਰ ਦੇ ਪੰਜ ਜੀਆਂ ਖ਼ਿਲਾਫ਼ ਮੁਕੱਦਮਾ ਦਰਜ ਹੋਇਆ ਸੀ।

ਪੁਲਿਸ ਨੇ ਪਤੀ ਤੇ ਸੱਸ ਨੂੰ ਗਿ੍ਫ਼ਤਾਰ ਕਰ ਲਿਆ ਸੀ। ਇਸ ਮਗਰੋਂ ਮਾਮਲੇ ਦੀ ਜਾਂਚ ਐੱਸਪੀ ਕਰਨਵੀਰ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਐੱਸਪੀ ਤੇ ਉਸ ਦੇ ਰੀਡਰ ਵੱਲੋਂ ਰਿਸ਼ਵਤ ਲੈ ਕੇ ਸਹੁਰੇ ਪਰਿਵਾਰ ਖ਼ਿਲਾਫ਼ ਇਰਾਦਾ ਕਤਲ ਦੇ ਦੋਸ਼ ਹੇਠ ਦਰਜ ਕੇਸ ਰੱਦ ਕਰ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਦੀ ਲੜਕੀ ਦਾ ਪਤੀ ਤੇ ਸੱਸ ਜੇਲ੍ਹ 'ਚੋ ਰਿਹਾਅ ਹੋ ਗਏ। ਇਸ ਮਗਰੋਂ 8 ਅਪ੍ਰਰੈਲ ਨੂੰ ਉਨ੍ਹਾਂ ਦੀ ਲੜਕੀ ਪਰਮਜੀਤ ਕੌਰ ਦੀ ਮੌਤ ਹੋ ਗਈ। ਇਸ ਮਗਰੋਂ ਉਹ ਐੱਸਐੱਸਪੀ ਨੂੰ ਮਿਲੇ ਜਿਨ੍ਹਾਂ ਵੱਲੋਂ ਐੱਸਆਈਟੀ ਬਣਾਈ ਗਈ ਜਿਸ ਦੀ ਰਿਪੋਰਟ 'ਤੇ ਸਹੁਰੇ ਪਰਿਵਾਰ ਖ਼ਿਲਾਫ਼ ਦਰਜ ਕੇਸ ਵਿਚ ਵਾਧਾ ਕਰ ਕੇ ਧਾਰਾ 302 ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਸਹੁਰੇ ਪਰਿਵਾਰ ਤੇ ਐੱਸਪੀ ਕਰਨਵੀਰ ਸਿੰਘ ਦੀ ਗਿ੍ਫ਼ਤਾਰੀ ਲਈ ਐੱਸਐੱਸਪੀ ਨੂੰ ਮਿਲੇ ਹਨ ਜਿਨ੍ਹਾਂ ਨੇ ਇਨਸਾਫ਼ ਦਾ ਭਰੋਸਾ ਦਿਵਾਇਆ ਹੈ।