ਯੋਗੇਸ਼ ਸ਼ਰਮਾ, ਭਦੌੜ : ਲੰਘੇ ਬੁੱਧਵਾਰ ਨੂੰ ਸਥਾਨਕ ਆਰੀਆ ਮਾਡਲ ਸਕੂਲ ਵਿਖੇ ਲੱਗੀ ਪਿਕਨਿਕ ਪਾਰਟੀ ਦੌਰਾਨ ਏਅਰ ਗੰਨ 'ਚੋਂ ਚੱਲੀ ਗੋਲ਼ੀ ਨਾਲ ਇਕ ਵਿਦਿਆਰਥੀ ਦੀ ਹੋਈ ਮੌਤ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਕੂਲ ਪ੍ਰਿੰਸੀਪਲ ਸਨੇਹ ਪ੍ਰਭਾ, ਅਧਿਆਪਕ ਅਮਨ ਕੌਰ ਅਤੇ ਸਮੁੱਚੀ ਮੈਨੇਜਮੈਂਟ ਕਮੇਟੀ ਮੈਂਬਰਾਂ ਖ਼ਿਲਾਫ਼ ਧਾਰਾ 304-ਏ ਤਹਿਤ ਥਾਣਾ ਭਦੌੜ ਵਿਖੇ ਪਰਚਾ ਦਰਜ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਮੁੱਖ ਅਫ਼ਸਰ ਹਰਸਿਮਰਨਜੀਤ ਸਿੰਘ ਤੇ ਮੁੱਖ ਮੁਨਸ਼ੀ ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਪਰਚਾ ਦਰਜ ਕੀਤਾ ਗਿਆ ਹੈ। ਜਿਸ 'ਚ ਉਨ੍ਹਾਂ ਵੱਲੋਂ ਮਿਲੇ ਪੱਤਰ ਜਿਸ 'ਚ ਇਹ ਦਰਸਾਇਆ ਗਿਆ ਹੈ ਕਿ ਉਕਤ ਪ੍ਰੋਗਰਾਮ ਦੀ ਸਕੂਲ ਵੱਲੋਂ ਸਿੱਖਿਆ ਵਿਭਾਗ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ।

ਇਸਦੇ ਨਾਲ ਹੀ ਉਕਤ ਨਿਸ਼ਾਨੇਬਾਜ਼ੀ ਵਾਲੀ ਸਟਾਲ ਜੋ ਲਗਾਈ ਗਈ ਸੀ, ਉਹ ਵੀ ਸਿੱਖਿਆ ਵਿਭਾਗ ਦੀਆਂ ਮਦਾਂ ਦੀ ਉਲੰਘਣਾ ਹੈ, ਕਿਉਂਕਿ ਸਕੂਲਾਂ ਅੰਦਰ ਇਹ ਸਟਾਲ ਲਗਾਉਣ ਦੀ ਇਜਾਜ਼ਤ ਨਹੀਂ ਹੈ, ਜਿਸ ਤਹਿਤ ਇਹ ਪਰਚਾ ਦਰਜ ਕੀਤਾ ਗਿਆ ਹੈ।

ਮੁੱਖ ਮੁਨਸ਼ੀ ਅਮਰਜੀਤ ਸਿੰਘ ਨੇ ਦੱਸਿਆ ਕਿ ਹਾਲੇ ਤਕ ਮੁਲਜ਼ਮ ਪੁਲਿਸ ਦੀ ਗਿ੍ਫ਼ਤ 'ਚੋਂ ਬਾਹਰ ਹਨ।

ਜ਼ਿਕਰਯੋਗ ਹੈ ਕਿ ਲੰਘੇ ਬੁੱਧਵਾਰ ਆਰੀਆ ਮਾਡਲ ਸਕੂਲ ਭਦੌੜ ਵਿਖੇ ਪਿਕਨਿਕ ਪਾਰਟੀ ਦੌਰਾਨ ਏਅਰ ਗੰਨ ਦੀ ਗੋਲ਼ੀ ਦੂਸਰੀ ਕਲਾਸ ਦੇ ਵਿਦਿਆਰਥੀ ਜਸਵੀਰ ਸਿੰਘ ਦੇ ਗਲ਼ 'ਚ ਲੱਗਣ ਕਾਰਨ ਬੁੱਧਵਾਰ ਦੀ ਅੱਧੀ ਰਾਤ ਨੂੰ ਆਪਰੇਸ਼ਨ ਦੌਰਾਨ ਆਦੇਸ਼ ਹਸਪਤਾਲ ਭੁੱਚੋਂ ਵਿਖੇ ਉਸ ਦੀ ਮੌਤ ਹੋ ਗਈ ਸੀ। ਉਸ ਉਪਰੰਤ ਮਿ੍ਤਕ ਜਸਵੀਰ ਸਿੰਘ ਦਾ ਭਦੌੜ ਵਿਖੇ ਸਸਕਾਰ ਕੀਤਾ ਗਿਆ।ਮਿ੍ਤਕ ਜਸਵੀਰ ਸਿੰਘ ਦੇ ਪਿਤਾ ਬਲਕਰਨ ਸਿੰਘ ਤੇ ਪਰਿਵਾਰ ਨੇ ਸਕੂਲ 'ਤੇ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰਦਿਆਂ ਇਸ ਨੂੰ ਰੱਬ ਦਾ ਭਾਣਾ ਮੰਨ ਲਿਆ ਸੀ, ਪਰ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਤਹਿਤ ਸਕੂਲ ਨਾਲ ਸਬੰਧਤ ਉਕਤ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।