ਸੰਦੀਪ ਸਿੰਗਲਾ, ਧੂਰੀ : ਥਾਣਾ ਸਿਟੀ ਧੂਰੀ ਵਿਖੇ 2 ਪੁਲਸ ਕਰਮੀਆਂ ਸਮੇਤ ਕੁੱਲ ਤਿੰਨ ਵਿਅਕਤੀਆਂ ਖ਼ਿਲਾਫ਼ ਚਿੱਟੇ (ਹੈਰੋਇਨ) ਸੰਬੰਧੀ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਦਰਜ਼ ਕੀਤੇ ਮੁਕੱਦਮੇ ਅਨੁਸਾਰ ਲੰਘੇ ਦਿਨ ਜਦੋਂ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਪੁਲਸ ਪਾਰਟੀ ਸਮੇਤ ਸਥਾਨਕ ਕੱਕੜਵਾਲ ਚੌਂਕ ਵਿਖੇ ਚੈਕਿੰਗ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਦਿਲਬਾਗ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਵੇਈ ਪੂਈ (ਤਰਨਤਾਰਨ) ਅਤੇ ਰਮਨਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਤਰਖਾਣ ਵਾਲਾ (ਬਠਿੰਡਾ) ਜੋ ਕਿ ਦੋਵੇਂ ਛੇਵੀਂ ਇੰਡੀਅਨ ਰਿਜ਼ਰਵ ਬਟਾਲੀਅਨ ਲੱਡਾ ਕੋਠੀ ਵਿਖੇ ਸੀਨੀਅਰ ਕਾਂਸਟੇਬਲ ਵੱਜੋਂ ਤਾਇਨਾਤ ਸਨ ਅਤੇ ਦੋਵੇਂ ਹੀ ਚਿੱਟੇ ਦਾ ਨਸ਼ਾ ਕਰਦੇ ਹਨ। ਇਹ ਦੋਵੇਂ ਰਿੰਕੂ ਪੁੱਤਰ ਮਹਿੰਦਰ ਸਿੰਘ ਵਾਸੀ ਬਾਜ਼ੀਗਰ ਬਸਤੀ ਤੋਂ ਚਿੱਟਾ ਖ਼ਰੀਦਦੇ ਸੀ। ਇਸ ਇਤਲਾਹ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ ਦੌਰਾਨ ਪੁਲਸ ਨੇ ਉਕਤ ਤਿੰਨਾਂ ਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ਼ ਕਰਕੇ ਉਕਤ ਦੋਵੇਂ ਪੁਲਸ ਕਰਮੀਆਂ ਨੂੰ ਗਿ੍ਫਤਾਰ ਕੀਤਾ ਹੈ।