ਬੂਟਾ ਸਿੰਘ ਚੌਹਾਨ, ਸੰਗਰੂਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ਅੰਦਰ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਬਾਰੇ ਡੂੰਘੀ ਚਿੰਤਾ ਜਿਤਾਉਂਦੇ ਹੋਏ ਕਿਹਾ ਕਿ 4 ਮਹੀਨਿਆਂ 'ਚ ਕੋਰੋਨਾ ਮਹਾਮਾਰੀ ਨੂੰ ਕਾਬੂ ਕਰਨ 'ਚ ਅਮਰਿੰਦਰ ਸਿੰਘ ਸਰਕਾਰ ਬੁਰੀ ਤਰ੍ਹਾਂ ਫਲਾਪ ਸਿੱਧ ਹੋਈ ਹੈ

ਅੱਜ ਸੰਗਰੂਰ 'ਚ ਮੀਡੀਆ ਦੇ ਰੂਬਰੂ ਹੁੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲਗਾਤਾਰ ਦੂਜੇ ਦਿਨ 1000 ਤੋਂ ਵੱਧ ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਆਉਣਾ, ਜਿੱਥੇ ਵੱਡੇ ਖ਼ਤਰੇ ਦੇ ਸੰਕੇਤ ਹਨ, ਉੱਥੇ ਪੰਜਾਬ ਸਰਕਾਰ ਦੇ ਕੋਰੋਨਾ ਬਾਰੇ ਪ੍ਰਬੰਧਾਂ ਦੀ ਬੁਰੀ ਤਰ੍ਹਾਂ ਪੋਲ ਖੁੱਲ੍ਹ ਰਹੀ ਹੈ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 'ਰਾਜਾ ਸਾਹਿਬ' 300 ਕਰੋੜ ਰੁਪਏ ਤੋਂ ਵੱਧ ਰਾਸ਼ੀ ਕੋਰੋਨਾ ਮਹਾਂਮਾਰੀ ਨੂੰ ਕਾਬੂ ਕਰਨ 'ਤੇ ਖ਼ਰਚ ਕੀਤੇ ਜਾਣ ਦੇ ਦਾਅਵੇ ਕਰ ਰਹੇ ਹਨ, ਪਰੰਤੂ ਖ਼ਰਚੇ ਕਿਥੇ ਹੋਏ ਹਨ? ਪੰਜਾਬ ਦੇ ਲੋਕ ਇਨ੍ਹਾਂ ਭਾਰੀ ਭਰਕਮ ਖ਼ਰਚਿਆਂ ਦਾ ਹਿਸਾਬ ਮੰਗਦੇ ਹਨ ਇਸ ਲਈ ਕੋਰੋਨਾ ਲਈ ਹੁਣ ਤੱਕ ਲੋਕਾਂ ਵੱਲੋਂ ਦਾਨ ਕੀਤੀ ਕੁੱਲ ਰਾਸ਼ੀ ਅਤੇ ਸਰਕਾਰ ਵੱਲੋਂ ਕੁੱਲ ਅਤੇ ਕਿੱਥੇ, ਕਿੰਨਾ-ਕਿੰਨਾ ਖ਼ਰਚ ਕੀਤਾ ਗਿਆ ਹੈ, ਇਸ ਬਾਰੇ ਤੁਰੰਤ ਵਾਈਟ ਪੇਪਰ ਜਾਰੀ ਕੀਤਾ ਜਾਵੇ।

ਹਰਪਾਲ ਸਿੰਘ ਚੀਮਾ ਨੇ ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਇੱਕ ਕੋਰੋਨਾ ਪੀੜਤ ਮਰੀਜ਼ ਦੀ ਮਿ੍ਤਕ ਦੇਹ 11 ਘੰਟੇ ਫ਼ਰਸ਼ 'ਤੇ ਪਏ ਰਹਿਣਾ, ਲੁਧਿਆਣਾ 'ਚ ਇੱਕ ਕੋਰੋਨਾ ਪੀੜਤ ਕਾਰੋਬਾਰੀ ਦੀ ਬੈੱਡ ਦੀ ਭਾਲ ਦੌਰਾਨ ਹੀ ਮੌਤ ਹੋ ਜਾਣਾ, ਤਰਨਤਾਰਨ 'ਚ ਕੋਰੋਨਾ ਪੀੜਤ ਮਰੀਜ਼ ਵੱਲੋਂ ਖਟਾਰਾ ਐਂਬੂਲੈਂਸ 'ਚ ਚੜ੍ਹਨ ਤੋਂ ਇਨਕਾਰ ਕਰ ਦੇਣਾ ਅਤੇ ਬਠਿੰਡਾ, ਬਰਨਾਲਾ ਸ਼ਹਿਰਾਂ 'ਚ ਕੋਰੋਨਾ ਕੇਅਰ ਸੈਂਟਰਾਂ ਦੀ ਅਤਿ ਤਰਸਯੋਗ ਹਾਲਤ ਹੋਣਾ ਸਰਕਾਰ ਦੇ ਪ੍ਰਬੰਧਾਂ ਅਤੇ ਦਾਅਵਿਆਂ ਦੀ ਫ਼ੂਕ ਕੱਢਦੇ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਮਾੜੀ ਮੋਟੀ ਵੀ ਗੰਭੀਰ ਹੁੰਦੀ ਤਾਂ ਘੱਟੋ-ਘੱਟ ਦਿੱਲੀ ਦੀ ਕੇਜਰੀਵਾਲ ਵੱਲੋਂ ਕੋਰੋਨਾ ਵਿਰੁੱਧ ਉਠਾਏ ਕਦਮਾਂ ਤੋਂ ਸੇਧ ਲੈ ਲੈਂਦੀ

ਚੀਮਾ ਨੇ ਕਿਹਾ ਕਿ ਪਿੁਲਸ ਫੋਰਸ ਦੇ 450 ਤੋਂ ਵੱਧ ਜਵਾਨਾਂ ਦੇ ਪਾਜ਼ੇਟਿਵ ਆਉਣ ਦੇ ਬਾਵਜੂਦ ਪੰਜਾਬ ਸਰਕਾਰ ਡੀਜੀਪੀ ਵੱਲੋਂ ਪੁਲਿਸ ਫੋਰਸ ਦੇ ਵੱਡੇ ਪੱਧਰ 'ਤੇ ਟੈੱਸਟ ਕਰਾਉਣ ਤੋਂ ਭੱਜਣਾ ਬੇਹੱਦ ਗੈਰ ਜ਼ਿੰਮੇਵਾਰਨਾ ਅਤੇ ਮੰਦਭਾਗਾ ਕਦਮ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ, ਤਪਿੰਦਰ ਸਿੰਘ ਸੋਹੀ, ਅਮਰਦੀਪ ਧਾਂਦਰਾ, ਮਨਿੰਦਰ ਸਿੰਘ ਦਿੜ੍ਹਬਾ ਵੀ ਹਾਜ਼ਰ ਸਨ।