ਸ਼ੰਭੂ ਗੋਇਲ, ਲਹਿਰਾਗਾਗਾ : ‘‘ਬਜਟ ਵਿਚ ਕੀਤੇ ਐਲਾਨ ਆਮ ਆਦਮੀ ਪਾਰਟੀ ਪੂਰੇ ਨਹੀਂ ਕਰ ਸਕਦੀ ਕਿਉਂਕਿ ਆਮਦਨ ਤੇ ਖਰਚੇ ਵਿਚ ਬਹੁਤ ਵੱਡਾ ਫ਼ਰਕ ਹੈ’’। ਇਹ ਵਿਚਾਰ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਨੇ ਆਮਦਨ ਵਧਾ ਕੇ ਦੱਸੀ ਹੈ, ਜੀਐੱਸਟੀ ਤੇ ਆਬਕਾਰੀ ਵਧਾ ਕੇ ਦੱਸੀ ਹੈ। ਇੱਥੋਂ ਤਕ ਕਿ ਜੋ ਕਰਜ਼ਾ ਲੈਣਾ ਹੈ ਉਹ ਵਧਾ ਕੇ ਦੱਸਿਆ ਹੈ। ਇਸ ਲਈ ਆਮਦਨ-ਖਰਚ ਵਿਚਕਾਰ 15 ਹਜ਼ਾਰ ਕਰੋੜ ਰੁਪਏ ਦਾ ਵੱਡਾ ਫ਼ਰਕ ਹੈ।

ਪਰਮਿੰਦਰ ਢੀਂਡਸਾ ਨੇ ਕਿਹਾ ਕਿ ਇਹ ਅੰਕੜੇ ਗ਼ਲਤ ਪੇਸ਼ ਕੀਤੇ ਹਨ ਇਸ ਲਈ ਖ਼ਜ਼ਾਨਾ ਮੰਤਰੀ ਵੱਲੋਂ ਕੀਤੇ ਐਲਾਨ ਧਰੇ-ਧਰਾਏ ਰਹਿਣਗੇ। ਪੰਜਾਬ ਦੇ ਅਜੋਕੇ ਹਾਲਾਤ ਮੁਤਾਬਕ ਬਜਟ ਬਣਾਉਣਾ ਚਾਹੀਦਾ ਸੀ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਇਹ ਬਜਟ ਫਲਾਪ ਸਾਬਤ ਹੋਇਆ ਹੈ। ਇਸ ਸਮੇਂ ਉਨ੍ਹਾਂ ਨਾਲ ਹੋਰ ਪਾਰਟੀ ਵਰਕਰ ਤੇ ਆਗੂ ਮੌਜੂਦ ਸਨ।