ਸੱਤਪਾਲ ਸਿੰਘ ਕਾਲਾਬੂਲਾ, ਸ਼ੇਰਪੁਰ :

ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਭਾਜਪਾ ਨਾਲ ਸਿਆਸੀ ਗਠਜੋੜ ਤੋੜਨ ਸਬੰਧੀ ਲਏ ਗਏ ਅਹਿਮ ਫ਼ੈਸਲੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਨਾਲੋਂ ਪੰਜਾਬ ਅਤੇ ਕਿਸਾਨੀ ਹਿੱਤ ਜ਼ਿਆਦਾ ਪਿਆਰੇ ਹਨ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਮੁੱਖ ਸੇਵਾਦਾਰ ਅਤੇ ਸਾਬਕਾ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ ਨੇ ਸ਼ੇਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਸੰਤ ਘੁੰਨਸ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੇਸ਼ ਕੀਤੇ ਤਿੰਨ ਖੇਤੀ ਬਿੱਲ ਨੂੰ ਕਿਸਾਨ ਵਿਰੋਧੀ ਦੱਸਦਿਆਂ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣਾ ਅਸਤੀਫ਼ਾ ਦਿੱਤਾ ਅਤੇ ਬੀਤੀ ਕੱਲ੍ਹ ਭਾਜਪਾ ਨਾਲ ਸਿਆਸੀ ਸਾਂਝ ਤੋੜ ਕੇ ਅਕਾਲੀ ਦਲ ਨੇ ਪੰਜਾਬ ਪੱਖੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਅਤੇ ਸੂਬੇ ਦੇ ਵੱਧ ਅਧਿਕਾਰਾਂ ਦੀ ਲੜਾਈ ਲੜਦਾ ਰਿਹਾ ਹੈ। ਜਿਵੇਂ ਕਿ ਧਰਮ ਯੁੱਧ ਮੋਰਚੇ ਵਿੱਚ ਜੇਲ੍ਹਾਂ ਕੱਟਣ ਤੋਂ ਇਲਾਵਾ ਪਾਣੀਆਂ ਦੇ ਮੋਰਚੇ ਸਮੇਤ ਐਮਰਜੈਂਸੀ ਵੇਲੇ ਵੀ ਅੱਗੇ ਰਹਿ ਕੇ ਲੜਾਈ ਲੜੀ ਅਤੇ ਪੰਜਾਬ ਅਤੇ ਪੰਥਕ ਹਿੱਤਾਂ ਦੀ ਹਮੇਸ਼ਾ ਪਹਿਰੇਦਾਰੀ ਕੀਤੀ।

ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਜੋ ਲੋਕ ਅਕਾਲੀ ਦਲ ਨੂੰ ਭੰਡ ਰਹੇ ਹਨ ਉਹ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਨੇ ਕਿਸਾਨਾਂ ਦੇ ਹਿੱਤਾਂ ਜਾਂ ਪੰਜਾਬ ਲਈ ਕੀ ਕੋਈ ਕੁਰਬਾਨੀ ਕੀਤੀ ਹੈ। ਸੰਤ ਘੁੰਨਸ ਨੇ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਜਿਨ੍ਹਾਂ ਨੇ ਆਗੂਆਂ ਤੇ ਵਰਕਰਾਂ ਦੀ ਭਾਵਨਾ ਅਨੁਸਾਰ ਕਿਸਾਨ ਅਤੇ ਪੰਜਾਬ ਪੱਖੀ ਫ਼ੈਸਲਾ ਸਹੀ ਅਤੇ ਦਰੁਸਤ ਸਮੇਂ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਵੱਲੋਂ ਵਿੱਢੇ ਇਸ ਸੰਘਰਸ਼ ਦਾ ਸ਼੍ਰੋਮਣੀ ਅਕਾਲੀ ਦਲ ਡਟਵਾਂ ਸਾਥ ਦੇਵੇਗੀ।

ਇਸ ਮੌਕੇ ਯੂਥ ਨੇਤਾ ਸਰਪੰਚ ਅਮਨਦੀਪ ਸਿੰਘ ਕਾਝਲਾ, ਪਾਰਟੀ ਦੇ ਸੀਨੀਅਰ ਆਗੂ ਮਾਸਟਰ ਹਰਬੰਸ ਸਿੰਘ ਸੇਰਪੁਰ, ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਦੀਦਾਰਗੜ੍ਹ ਅਤੇ ਐਸਸੀ ਵਿੰਗ ਦੇ ਸਰਕਲ ਪ੍ਰਧਾਨ ਬਲਦੇਵ ਸਿੰਘ ਘਨੌਰੀ ਵੀ ਇਸ ਸਮੇਂ ਹਾਜ਼ਰ ਸਨ।