ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਖ਼ੂਨਦਾਨ ਮਹਾਦਾਨ ਹੈ। ਇਸ ਨਾਲ ਕਿਸੇ ਵੀ ਇਨਸਾਨ ਦੀ ਜਾਨ ਬਚ ਸਕਦੀ ਹੈ। ਕਿਸੇ ਦੀ ਜਾਨ ਬਚਾਉਣ ਵਾਲਾ ਸਭ ਤੋੋਂ ਵੱਡਾ ਦਾਨੀ ਹੁੰਦਾ ਹੈ। ਕੌਮਾਂਤਰੀ ਖੂਨਦਾਨ ਦਿਵਸ 'ਤੇ 102 ਵਾਰ ਖ਼ੂਨਦਾਨ ਕਰ ਚੁੱਕਾ ਦਿੜ੍ਹਬਾ ਨੇੜੇ ਪਿੰਡ ਕਾਹਨਗੜ੍ਹ ਦਾ ਰਹਿਣ ਵਾਲੇ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲਗਪਗ 17 ਸਾਲਾਂ ਤੋਂ ਖੂਨਦਾਨ ਕਰ ਰਿਹਾ ਹੈ।

ਉਹ ਚੰਡੀਗੜ੍ਹ ਦੇ ਪੀਜੀਆਈ, ਫੋਰਟਿਸ, ਕਮਾਂਡੋ, ਪਟਿਆਲਾ ਦੇ ਰਜਿੰਦਰਾ ਹਸਪਤਾਲ ਲਾਈਫ ਤੇ ਲੁਧਿਆਣਾ ਦੇ ਡੀਐੱਮਸੀ ਤੋਂ ਇਲਾਵਾ ਸੰਗਰੂਰ ਦੇ ਸਿਵਲ ਹਸਪਤਾਲ ਤੇ ਇਲਾਕੇ 'ਚ ਲੱਗਣ ਵਾਲੇ ਖ਼ੂਨਦਾਨ ਕੈਂਪਾਂ 'ਚ ਖ਼ੂਨਦਾਨ ਕਰਦਾ ਹੈ। ਇਸ ਤੋਂ ਇਲਾਵਾ ਉਹ ਹਿਲ ਸਟੇਸ਼ਨਾਂ 'ਤੇ ਜਾ ਕੇ ਵੀ ਖ਼ੂਨਦਾਨ ਕਰ ਚੁੱਕਿਆ ਹੈ। ਉਸ ਨੇ ਦੱਸਿਆ ਜੇਕਰ ਉਸ ਨੂੰ ਕਿਸੇ ਲੋੜਵੰਦ ਦਾ ਫੋਨ ਆ ਜਾਂਦਾ ਹੈ ਤਾਂ ਉਹ ਉਸ ਜਗ੍ਹਾ 'ਤੇ ਹੀ ਖ਼ੂਨਦਾਨ ਕਰਨ ਲਈ ਚਲਾ ਜਾਂਦਾ ਹੈ। ਵਾਟਰ ਫਿਲਟਰ ਲਾਉਣ ਤੇ ਮੁਰੰਮਤ ਦਾ ਕੰਮ ਦਾ ਕਰਨ ਵਾਲੇ ਬਲਕਾਰ ਸਿੰਘ ਨੂੰ ਖ਼ੂਨਦਾਨ ਕਰਨ ਬਦਲੇ ਬੇਸ਼ੱਕ ਕਈ ਸੰਸਥਾਵਾਂ ਜਾਂ ਬਲੱਡ ਬੈਂਕਾਂ ਤੋਂ ਪ੍ਰਸ਼ੰਸਾ ਪੱਤਰ ਤੇ ਸਨਮਾਨ ਮਿਲ ਚੁੱਕੇ ਹਨ ਪਰ ਸਰਕਾਰ ਵੱਲੋਂ ਅੱਜ ਤੱਕ ਉਸ ਨੂੰ ਕੋਈ ਵੀ ਵਿਸ਼ੇਸ਼ ਸਨਮਾਨ ਨਹੀਂ ਮਿਲਿਆ ਜਿਹੜਾ ਕਿ ਉਸ ਦੀ ਸੇਵਾ ਦੀ ਹੌਸਲਾ ਅਫਜਾਈ ਕਰ ਸਕੇ।