ਅਸ਼ਵਨੀ ਸੋਢੀ, ਮਾਲੇਰਕੋਟਲਾ : ਜਨਵਰੀ 2004 ਤੋਂ ਬਾਅਦ ਹੋਏ ਮੁਲਾਜ਼ਮਾਂ ਦੀ ਪੈਨਸ਼ਨ ਦੀ ਲੜਾਈ ਲੜ ਰਹੀ ਰਾਸ਼ਟਰ ਪੱਧਰੀ ਜਥੇਬੰਦੀ ਨੈਸ਼ਨਲ ਮੂਵਮਿੰਟ ਪੁਰਾਣੀ ਪੈਨਸ਼ਨ ਸਕੀਮ ਦੀ ਅਪੀਲ 'ਤੇ ਦੇਸ਼ ਦੇ ਸਾਰੇ ਜ਼ਿਲ੍ਹਾ ਹੈਡਕੁਆਟਰਾਂ 'ਤੇ ਅਰਧ ਸੈਨਿਕ ਬਲਾਂ ਨੂੰ ਪੁਰਾਣੀ ਪੈਨਸ਼ਨ ਦਿਵਾਉਣ ਲਈ 7 ਦਸੰਬਰ ਨੂੰ ਖ਼ੂਨਦਾਨ ਕੈਂਪ ਲਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਪੀਐੱਫ ਕਰਮਚਾਰੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਅਰਧ ਸੈਨਿਕ ਬਲ ਸਾਡੇ ਦੇਸ਼ ਦੀ ਰਾਜਨੀਤਿਕ ਲੋਕਾਂ ਦੀ ਸਾਡੀ ਰਾਖੀ, ਦੇਸ਼ ਦੀਆਂ ਸਰਹੱਦਾਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਰਹਿ ਕੇ ਕਰਦੇ ਹਨ। ਇਨ੍ਹਾਂ ਨੂੰ ਡਿਊਟੀ ਦੌਰਾਨ ਜਾਨ ਜਾਣ ਦਾ ਖ਼ਤਰਾ ਵੀ ਹਮੇਸ਼ਾ ਬਣਿਆ ਰਹਿੰਦਾ ਹੈ।

ਉਨ੍ਹਾਂ ਕਿਹਾ ਕਿ ਅਰਧ ਸੈਨਿਕ ਬਲ ਸਾਡੇ ਵਾਂਗ ਧਰਨੇ ਜਾਂ ਰੈਲੀ ਨਹੀਂ ਕਰ ਸਕਦੇ, ਇਸ ਲਈ ਸਾਡਾ ਫ਼ਰਜ਼ ਕਿ ਇਨ੍ਹਾਂ ਦੇ ਹੱਕ ਲਈ ਅਸੀਂ ਲੜਾਈ ਲੜੀਏ। ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਅਰਧ ਸੈਨਿਕ ਬਲਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ਤੋਂ ਬਾਹਰ ਰੱਖਿਆ ਹੋਇਆ ਹੈ। ਜਵਾਨੀ ਵਿਚ ਖ਼ੂਨ ਦੇਵਾਂਗਾ, ਬੁਢਾਪੇ ਵਿਚ ਪੈਨਸ਼ਨ ਲਵਾਂਗੇ ਦੇ ਨਾਅਰੇ ਹੇਠ ਜ਼ਿਲ੍ਹਾ ਜਥੇਬੰਦੀ ਵੱਲੋਂ ਜ਼ਿਲ੍ਹਾ ਹੈਡਕੁਆਟਰ 'ਤੇ ਵੱਡੇ ਪੱਧਰ 'ਤੇ 7 ਦਸੰਬਰ ਨੂੰ ਖ਼ੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਕੈਂਪ ਵਿਚ ਖ਼ੂਨਦਾਨ ਕਰਕੇ ਸਾਨੂੰ ਅਰਧ ਸੈਨਿਕ ਬਲਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੀ ਸਹੂਲਤ ਦਿਵਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।