ਬੂਟਾ ਸਿੰਘ ਚੌਹਾਨ, ਸੰਗਰੂਰ: ਆਖਿਆ ਜਾਂਦਾ ਹੈ ਕਿ 'ਦੰਦ ਗਏ ਸੁਆਦ ਗਿਆ, ਅੱਖਾਂ ਗਈਆਂ ਜਹਾਨ ਗਿਆ'। ਜਦਕਿ ਇਹ ਮੁਹਾਵਰਾ ਸ਼ੇਰੋਂ ਪਿੰਡ ਦੇ ਲੋਕ ਗਾਇਕ ਰੁਲਦੂ ਸਿੰਘ ਸ਼ੇਰੋਂ ਨੇ ਗ਼ਲਤ ਸਿੱਧ ਕਰ ਦਿੱਤਾ ਹੈ। ਉਹ ਜਮਾਂਦਰੂ ਨੇਤਰਹੀਣ ਹੈ ਤੇ ਉਮਰ 52 ਸਾਲ ਦੇ ਕਰੀਬ ਹੈ। ਉਹਦੀ ਆਵਾਜ਼ ਲੰਮੇ ਸਮੇਂ ਤੋਂ ਕਿਸਾਨੀ ਘੋਲ ਦੇ ਧਰਨਿਆਂ ਵਿਚ ਗੂੰਜ ਰਹੀ ਹੈ ਤੇ ਉਹ ਆਪ ਕਿਸਾਨੀ ਗੀਤ ਲਿਖ ਕੇ ਸ਼ੇਰ ਵਾਂਗ ਦਹਾੜਦਾ ਹੈ ਤੇ ਕਿਸਾਨਾਂ ਵਿਚ ਜੋਸ਼ ਭਰ ਦਿੰਦਾ ਹੈ।

ਉਹ ਬਚਪਨ ਵਿਚ ਹੀ ਲੋਕਾਂ ਦੇ ਵਿਆਹਾਂ ਤੇ ਭੋਗਾਂ 'ਤੇ ਸਪੀਕਰ ਲਾਉਂਦਾ ਸੀ। ਉਸ ਦੀ ਨੇੜਤਾ ਬਲਵੀਰ ਸਿੰਘ ਨਾਲ ਹੋ ਗਈ ਅਤੇ ਉਹ ਆਪ ਸਪੀਕਰ ਚਲਾਉਣ ਲੱਗ ਪਿਆ। ਉਸਦਾ ਕਹਿਣਾ ਹੈ ਕਿ ਉਹ ਐਂਪਲੀਫਾਈਰ ਖ਼ੁਦ ਠੀਕ ਕਰ ਲੈਂਦਾ ਸੀ। ਰਿਕਾਰਡਾਂ ਦੀ ਪਛਾਣ ਸੀ ਤੇ ਤਵਿਆਂ ਵਾਲੀ ਮਸ਼ੀਨ ਦੀ ਮੁਰੰਮਤ ਖ਼ੁਦ ਕਰ ਲੈਂਦਾ ਸੀ। ਉਸ ਕੋਲ 1200 ਕੈਸਿਟਾਂ ਸਨ, ਜਿਹੜੀਆਂ ਉਹਨੇ ਚਿੱਪਾਂ ਵਿਚ ਭਰਵਾ ਲਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਨੇਤਰਹੀਣ ਹੋਣ ਦੇ ਬਾਵਜੂਦ ਉਹ ਆਰੀ ਤੇਸੇ ਨਾਲ ਆਰੀ ਦਾ ਕੰਮ ਕਰ ਲੈਂਦਾ ਹੈ। ਜੇ ਸਪੀਕਰ ਕਿਸੇ ਦਰਖਤ 'ਤੇ ਟੰਗ ਕੇ ਲਾਉਣਾ ਹੁੰਦਾ, ਉਹ ਵੀ ਟੰਗ ਲੈਂਦਾ ਹੈ।

ਉਸ ਨੇ ਦੱਸਿਆ ਕਿ ਤੂੰਬੀ ਉਸ ਨੇ ਬਲਵੀਰ ਸਿੰਘ ਤੋਂ ਸਿੱਖੀ ਹੈ ਫੇਰ ਉਸ ਨੇ ਹਰਮੋਨੀਅਮ ਸਿੱਖ ਲਿਆ ਸੀ। ਉਸ ਨੂੰ 2440 ਗੀਤ ਯਾਦ ਹਨ। ਇਨ੍ਹਾਂ ਵਿਚ ਮੁਹੰਮਦ ਸਦੀਕ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਕਰਮਜੀਤ ਧੂਰੀ, ਕਰਤਾਰ ਰਮਲਾ, ਧੂਰੀ, ਜਮਲਾ ਜੱਟ ਤੇ ਹੋਰ ਗਾਇਕਾਂ ਤੋਂ ਇਲਾਵਾ 40 ਗੀਤ ਆਪਣੇ ਲਿਖੇ ਯਾਦ ਹਨ। ਉਹ ਕੁਲਦੀਪ ਮਾਣਕ, ਦੀਦਾਰ ਸੰਧੂ, ਕਰਤਾਰ ਰਮਲਾ ਨੂੰ ਮਿਲ ਚੁੱਕਿਆ ਹੈ, ਉਨ੍ਹਾਂ ਦੀਆਂ ਸਟੇਜਾਂ 'ਤੇ ਗਾਇਆ ਵੀ ਹੈ।

ਉਸ ਨੇ ਦੱਸਿਆ ਕਿ ਨੇਤਰਹੀਣ ਕਰ ਕੇ ਵਿਆਹਿਆ ਨਹੀਂ ਗਿਆ। ਸਰਕਾਰ ਤੋਂ ਉਸ ਨੂੰ ਸਿਰਫ਼ 750 ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ। ਉਸ ਨੇ ਕਿਹਾ ਕਿ ਜੇ ਸਰਕਾਰ ਕੁਝ ਨਹੀਂ ਕਰ ਸਕਦੀ ਤਾਂ ਘੱਟੋ ਘੱਟ ਨੇਤਰਹੀਣ ਤੇ ਬੁਢਾਪੇ ਦੀਆਂ ਪੈਨਸ਼ਨਾਂ ਤਾਂ ਦੇਵੇ। ਦੱਸਣਯੋਗ ਹੈ ਕਿ ਉਹ ਆਪਣੇ ਭਤੀਜੇ ਨਾਲ ਪਿੰਡ ਸ਼ੇਰੋਂ ਨੇੜੇ ਸੁਨਾਮ ਵਿਚ ਜ਼ਿੰਦਗੀ ਗੁਜ਼ਾਰ ਰਿਹਾ ਹੈ।