ਸ਼ੰਭੂ ਗੋਇਲ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਂ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਲਹਿਰਾਗਾਗਾ ਦੇ ਰਿਲਾਇੰਸ ਪੈਟਰੋਲ ਪੰਪ 'ਤੇ ਰੋਸ ਧਰਨਾ 75ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਵਿੱਚ ਰੋਜ਼ ਦੀ ਤਰ੍ਹਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਨਾਲ ਹੀ ਸਾਰੀਆਂ ਜਥੇਬੰਦੀਆਂ ਦੇ ਤਾਲਮੇਲਵੇਂ ਪ੍ਰਰੋਗਰਾਮ ਤਹਿਤ ਪੰਜਾਬ ਅਤੇ ਦੇਸ ਦੇ ਸਾਰੇ ਜ਼ਿਲਿਆਂ ਦੇ ਡੀ ਸੀ ਦਫ਼ਤਰਾਂ ਅੱਗੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਧਰਨੇ ਦਿੱਤੇ। ਇਹ ਸੰਘਰਸ਼ ਹੁਣ ਸਿਖਰਾਂ ਨੂੰ ਛੋਹ ਰਿਹਾ ਹੈ। ਲੋਕਾਂ ਨੇ ਹੁਣ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਲਿਆ ਹੈ। ਬੇਸ਼ੱਕ ਠੰਢ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਰ ਲੋਕਾਂ ਦਾ ਰੋਹ ਦਿਨੋ- ਦਿਨ ਵਧਦਾ ਜਾ ਰਿਹਾ ਹੈ। ਧਰਨੇ ਵਾਲੀ ਜਗ੍ਹਾ 'ਤੇ ਮਾਵਾਂ ਭੈਣਾਂ ਦੀ ਗਿਣਤੀ 'ਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਕਿਰਤੀ ਲੋਕਾਂ ਦਾ ਕਹਿਣਾ ਹੈ ਕਿ ਇਹ ਸੰਘਰਸ਼ ਓਨਾਂ ਸਮਾਂ ਚਲਦੇ ਰਹਿਣਗੇ, ਜਿਨ੍ਹਾਂ ਚਿਰ ਕਾਲੇ ਕਾਨੂੰਨਾਂ ਨੂੰ ਮੁਢੋਂ ਰੱਦ ਨਹੀਂ ਕੀਤਾ ਜਾਂਦਾ। ਬਲਾਕ ਆਗੂ ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਰਾਮ ਚੰਦ ਸਿੰਘ, ਹਰਸੇਵਕ ਸਿੰਘ ਲਹਿਲ ਖੁਰਦ, ਜਗਸੀਰ ਸਿੰਘ ਖੰਡੇਬਾਦ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ, ਬਿੰਦਰ ਸਿੰਘ ਖੋਖਰ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।