ਹਰਮੇਸ਼ ਸਿੰਘ ਮੇਸ਼ੀ, ਦਿਡ਼੍ਹਬਾ : ਬਚਪਨ ਤੋਂ ਹੀ ਆਪਣੀਆਂ ਦਿਲਚਸਪ ਗੱਲਾਂ ਨਾਲ ਲੋਕਾਂ ਦਾ ਦਿਲ ਜਿੱਤਣ ਵਾਲਾ ਨੌਜਵਾਨ ਇਕ ਦਿਨ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਇਸ ਬਾਰੇ ਕਿਸੇ ਨੇ ਨਾ ਸੋਚਿਆ ਹੋਵੇਗਾ ਪਰ ਜੋ ਲੋਕ ਉਸ ਨੌਜਵਾਨ ਨੂੰ ਨੇਡ਼ੇ ਤੋਂ ਜਾਣਦੇ ਸੀ ਉਹ ਜ਼ਰੂਰ ਕਹਿੰਦੇ ਸੀ ਕਿ ਇਹ ਨੌਜਵਾਨ ਚੁਟਕਲੇ ਜ਼ਰੂਰ ਸੁਣਾਉਂਦਾ ਹੈ ਪਰ ਇਸ ਦੀਆਂ ਗੱਲਾਂ ਵਿਚ ਤਲਖ਼ ਸੱਚਾਈ ਹੈ। ਇਸ ਅੰਦਰ ਦੇਸ਼ ਦੇ ਜੰਗ ਲੱਗ ਚੁੱਕੇ ਸਿਸਟਮ ਨੂੰ ਬਦਲਣ ਦੀ ਅੱਗ ਸੁਲਗ ਰਹੀ ਹੈ। ਇਹ ਇਕ ਦਿਨ ਲੋਕਾਂ ਦਾ ਨੁਮਾਇੰਦਾ ਬਣ ਕੇ ਜ਼ਰੂਰ ਕੁਝ ਨਵਾਂ ਕਰੇਗਾ। ਪੰਜਾਬ ਵਿਚੋਂ ਨਵੀਂ ਸੋਚ ਦੀ ਚਿੰਗਾਰੀ ਬਾਲ ਕੇ ਜ਼ਿਲ੍ਹਾ ਸੰਗਰੂਰ ਦੇ ਹਲਕਾ ਦਿਡ਼੍ਹਬਾ ਦੇ ਪਿੰਡ ਸਤੌਜ ਤੋਂ ਭਗਵੰਤ ਮਾਨ ਪਿੰਡ ਦੀਆਂ ਗਲੀਆਂ ਵਿਚ ਆਪਣੇ ਬਚਪਨ ਦੇ ਦੋਸਤ ਮੱਦੀ, ਚਰਨਾ, ਭਿੰਦਾ ਅਤੇ ਠੋਲੂ ਨਾਲ ਖੇਡਦਾ ਹੋਇਆ ਆਪਣੀ ਕਲਾ ਸਦਕਾ ਦੇਸ਼ ਦਾ ਸਟਾਰ ਬਣ ਗਿਆ। ਇਹ ਉਸ ਨੇ ਖੁਦ ਵੀ ਕਦੇ ਨਹੀਂ ਸੋਚਿਆ ਹੋਵੇਗਾ ਉਹ ਸੂਬੇ ਦਾ ਮੁੱਖ ਮੰਤਰੀ ਬਣੇਗਾ।

ਆਪਣੀ ਮਾਤਾ ਹਰਪਾਲ ਕੌਰ ਦਾ ਲਾਡਲਾ ਭਗਵੰਤ ਸਿੰਘ ਮਾਸਟਰ ਮਹਿੰਦਰ ਸਿੰਘ ਦੇ ਘਰ ਦਾ ਚਿਰਾਗ ਅਤੇ ਭੈਣ ਮਨਪ੍ਰੀਤ ਕੌਰ ਦਾ ਲਾਡਲਾ ਵੱਡਾ ਭਰਾ ਕਦੋਂ ਭਗਵੰਤ ਸਿੰਘ ਤੋਂ ਭਗਵੰਤ ਮਾਨ ਬਣ ਗਿਆ ਪਤਾ ਨਹੀਂ ਲੱਗਾ। ਮਨਪ੍ਰੀਤ ਸਿੰਘ ਬਾਦਲ ਦੀ ਪੰਜਾਬ ਪੀਪਲਜ਼ ਪਾਰਟੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਮਾਨ ਨੇ ਫਿਰ ਪਿੱਛੇ ਮੁਡ਼ ਕੇ ਨਹੀਂ ਵੇਖਿਆ। ਸ਼ੁਰੂ ਤੋਂ ਹੀ ਆਸਾਵਾਦੀ ਵਿਚਾਰਾਂ ਵਾਲਾ ਮਾਨ ਪਡ਼ਾਅ ਦਰ ਪਡ਼ਾਅ ਲੰਘਦਾ ਹੋਇਆ ਦੇਸ਼ ਦੀ ਮਹਾਪੰਚਾਇਤ ਅੰਦਰ ਪਹੁੰਚਿਆ ਜਿੱਥੇ ਜਾ ਕੇ ਦੱਸ ਦਿੱਤਾ ਕਿ ਲੋਕਾਂ ਦੇ ਮੁੱਦੇ ਕਿਸ ਤਰ੍ਹਾਂ ਉਠਾਏ ਜਾਂਦੇ ਹਨ।

ਭਗਵੰਤ ਮਾਨ ਸੁਨਾਮ ਦੇ ਸਰਕਾਰੀ ਸ਼ਹੀਦ ਊਧਮ ਸਿੰਘ ਕਾਲਜ ਅੰਦਰ ਬੀਕਾਮ ਦੀ ਪਡ਼੍ਹਾਈ ਕੁਝ ਕਰਨ ਦੀ ਲਲਕ ਨਾਲ ਛੱਡ ਗਿਆ ਸੀ। ਦੇਸ਼ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਊਧਮ ਸਿੰਘ ਦੇ ਸ਼ਹਿਰ ਤੋਂ ਪਾਣੀ ਪੀ ਕੇ ਅਤੇ ਮਿੱਟੀ ਵਿਚ ਖੇਡਦਾ ਜਵਾਨ ਹੋਇਆ ਮਾਨ ਦੇਸ਼ ਦੇ ਸਿਸਟਮ ਨੂੰ ਬਦਲਣ ਲਈ ਬੀਡ਼ਾ ਚੁੱਕੇ ਅੱਗੇ ਆਇਆ। ਸੰਗਰੂਰ ਦੇ ਲੋਕਾਂ ਨੇ ਉਸ ਦੀ ਸੋਚ ਦਾ ਸਾਥ ਦਿੰਦੇ ਹੋਏ ਰੱਜ ਕੇ ਵੋਟਾਂ ਰਾਹੀਂ ਹਮਾਇਤ ਕੀਤੀ। ਕਾਲਜ ਜ਼ਿੰਦਗੀ ਤੋਂ ਹੀ ਸਟੇਜਾਂ ’ਤੇ ਕਮੇਡੀ ਕਰਦਾ ਹੋਇਆ ਆਪਣੇ ਅੰਦਾਜ਼ ਨਾਲ ਮਾਡ਼ੀ ਰਾਜਨੀਤੀ, ਸਮਾਜਿਕ ਅਤੇ ਸਿਸਟਮ ’ਤੇ ਵਿਅੰਗ ਕੱਸਦਾ ਸੀ। ਲੋਕਾਂ ਦਾ ਕਮੇਡੀ ਨਾਲ ਮਨੋਰੰਜਨ ਕਰਨ ਦੇ ਨਾਲ ਸਮਾਜ ਅਤੇ ਸਿਸਟਮ ਅੰਦਰ ਫੈਲੀਆਂ ਬੁਰਾਈਆਂ ਨੂੰ ਪੇਸ਼ ਕਰ ਕੇ ਕਮੇਡੀ ਦੀ ਨਵੀਂ ਪਛਾਣ ਪੈਦਾ ਕੀਤੀ।

ਪੰਜਾਬੀ ਅਤੇ ਹਿੰਦੀ ਫਿਲਮਾਂ ਵਿਚ ਵੀ ਆਪਣੀ ਧਾਕ ਜਮਾ ਚੁੱਕਾ ਮਾਨ ਪੰਜਾਬ ਦੀ ਰਾਜਨੀਤੀ ਦਾ ਵੱਡਾ ਸਿਤਾਰਾ ਬਣ ਗਿਆ ਹੈ। ‘ਜੁਗਨੂੰ ਹਾਜ਼ਰ ਹੈ’ ਰਾਹੀਂ ਸਿਸਟਮ ’ਤੇ ਚੋਟ ਕਰਦਾ ਮਾਨ ਅੱਜ ਪੰਜਾਬ ਦੇ ਲਈ ਜੁਗਨੂੰ ਬਣ ਕੇ ਲੋਕਾਂ ਦੀ ਜ਼ਿੰਦਗੀ ਰੁਸ਼ਨਾਉਣ ਜਾ ਰਿਹਾ ਹੈ। ਉਸ ਦੀ ਪਲੇਠੀ ਵੀਡੀਓ ਫਿਲਮ ‘ਕੋਕੋ ਦੇ ਬੱਚੇ’ ਪਰਦੇ ’ਤੇ ਲੋਕਾਂ ਦੇ ਦਿਲਾਂ ਦੀ ਨਬਜ਼ ਪਛਾਣਦੀ ਨਜ਼ਰ ਆਉਂਦੀ ਹੈ। ਸ਼ਬਦਾਂ ਦਾ ਜਾਦੂਗਰ ਅਤੇ ਇਕ ਵਧੀਆ ਅਤੇ ਸੁਲਝਿਆ ਹੋਇਆ ਗੀਤਕਾਰ ਅਤੇ ਲੇਖਕ ਮਾਨ ਬਹੁਪੱਖੀ ਕਲਾ ਦਾ ਮਾਲਕ ਹੈ।

ਪੀਪੀਪੀ ਸੁਪਰੀਮੋ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਮਿਲ ਕੇ ਕਾਂਗਰਸ ਅਤੇ ਅਕਾਲੀ ਦੇ ਖਿਲਾਫ ਆਪਣੀ ਸਿਆਸੀ ਲਡ਼ਾਈ ਸ਼ੁਰੂ ਕਰਦੇ ਹੋਏ ਕੇਜਰੀਵਾਲ ਨਾਲ ਹੱਥ ਮਿਲਾ ਕੇ ਪੰਜਾਬ ਦੀ ਰਾਜਨੀਤੀ ਅੰਦਰ ਨਵਾਂ ਮੋਡ਼ ਲਿਆਉਣ ਵਾਲੇ ਭਗਵੰਤ ਮਾਨ ਨੇ ਪਹਿਲਾਂ ਵਿਧਾਨ ਸਭਾ ਤੋਂ ਆਪਣੀ ਕਿਸਮਤ ਅਜ਼ਮਾਈ ਪਰ ਲੋਕਾਂ ਨੂੰ ਸ਼ਾਇਦ ਉਸ ਸਮੇਂ ਮਾਨ ਦੀ ਗੱਲ ਸਮਝ ਨਹੀਂ ਆਈ। ਲੋਕ ਸਭਾ ਸੰਗਰੂਰ ਤੋਂ ਇਨਕਲਾਬ ਦਾ ਨਾਅਰਾ ਲੈ ਕੇ ਨਵੇਂ ਜੋਸ਼ ਨਾਲ ਮੈਦਾਨ ਵਿਚ ਕੁੱਦਿਆ। ਨੌਜਵਾਨਾਂ ਦੇ ਚਹੇਤੇ ਸ਼ਹੀਦ ਭਗਤ ਸਿੰਘ ਦਾ ਨਾਮ ਲੈ ਕੇ ਉਨ੍ਹਾਂ ਦਾ ਮੰਨ ਜਿੱਤਣ ਵਿਚ ਸਫਲ ਹੋਇਆ। ਸੰਗਰੂਰ ਦੇ ਵੋਟਰਾਂ ਨੇ ਮਾਨ ਦਾ ਰੱਜ ਕੇ ਸਾਥ ਦਿੱਤਾ। ਨੌਜਵਾਨ ਪੀਡ਼੍ਹੀ ਅਤੇ ਮਜ਼ਦੂਰ ਵਰਗ ਸਿਸਟਮ ਬਦਲਣ ਦੇ ਨਾਅਰੇ ਨਾਲ ਆਜ਼ਾਦੀ ਦੀ ਦੂਜੀ ਲਡ਼ਾਈ ਮੰਨ ਕੇ ਮਾਨ ਦਾ ਸਾਥ ਦਿੱਤਾ। ਦੂਜੀ ਵਾਰ ਫਿਰ ਮਾਨ ਨੂੰ ਸੰਸਦ ਅੰਦਰ ਲੋਕਾਂ ਨੇ ਵੱਡਾ ਫਤਵਾ ਦੇ ਕੇ ਭੇਜਿਆ।

Posted By: Tejinder Thind