ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ਼ ਵਿੱਢੀ ਮੁਹਿੰਮ ਦੇ ਚਲਦਿਆਂ 1 ਲੱਖ 80 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਕੀਤੀ ਪ੍ਰਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਫੜੇ ਗਏ ਨਸ਼ਾ ਤਸਕਰਾਂ 'ਚੋਂ ਇਕ ਨਸ਼ੀਲੀਆਂ ਗੋਲੀਆਂ ਦਾ ਵੱਡਾ ਸਪਲਾਇਰ ਹੈ, ਜਿਸ ਦਾ ਪੰਜਾਬ ਦੇ ਕਈ ਜ਼ਿਲਿ੍ਹਆਂ ਸਮੇਤ ਨੇੜਲੇ ਸੂਬਿਆਂ 'ਚ ਵੀ ਨੈੱਟਵਰਕ ਹੈ। ਉਨ੍ਹਾਂ ਦੱਸਿਆ ਕਿ ਐਸਪੀ ਸੁਖਦੇਵ ਸਿੰਘ ਵਿਰਕ ਤੇ ਏਐਸਪੀ ਪ੍ਰਗਿੱਆ ਜੈਨ ਦੀ ਅਗਵਾਈ 'ਚ ਸੀਆਈਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਵੱਲੋਂ ਮੁਖਬਰੀ ਦੇ ਆਧਾਰ 'ਤੇ ਬਰਨਾਲਾ-ਮਾਨਸਾ ਰੋਡ 'ਤੇ ਨਾਕਾਬੰਦੀ ਦੌਰਾਨ ਇਕ ਗੱਡੀ ਨੰਬਰ ਡੀਐਲ 5ਸੀਆਈ 8850 ਨੂੰ ਰੋਕਿਆ ਜਿਸ ਦੀ ਤਲਾਸੀ ਲੈਣ 'ਤੇ ਉਸ ਪਾਸੋਂ 1 ਲੱਖ 80 ਹਜ਼ਾਰ ਨਸੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਕਤ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਮੌਕੇ 'ਤੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਹੁਮੇਸ਼ ਕੁਮਾਰ ਮਿੰਟੂ ਉਰਫ਼ ਬਾਬਾ ਵਾਸੀ ਕੜੈਲ ਜ਼ਿਲ੍ਹਾ ਸੰਗਰੂਰ ਤੇ ਬਲਜੀਤ ਸਿੰਘ ਵਾਸੀ ਭੀਖੀ ਵਜੋਂ ਹੋਈ ਹੈ। ਕਾਬੂ ਕੀਤੇ ਮੁਲਜ਼ਮਾਂ ਪਾਸੋਂ 2 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ 'ਚੋਂ ਮਿੰਟੂ ਬਾਬਾ 'ਤੇ ਹਰਿਆਣਾ ਤੇ ਪੰਜਾਬ 'ਚ ਪਹਿਲਾਂ ਵੀ ਕਈ ਪਰਚੇ ਦਰਜ ਹਨ ਤੇ ਇਕ ਕੇਸ 'ਚ ਉਸ ਨੂੰ 15 ਸਾਲ ਦੀ ਸਜ਼ਾ ਵੀ ਹੋਈ ਹੈ। ਜੋ ਜ਼ਮਾਨਤ 'ਤੇ ਬਾਹਰ ਆ ਕੇ ਬਰਨਾਲਾ, ਸੰਗਰੂਰ, ਪਟਿਆਲਾ ਤੇ ਮਾਨਸਾ ਆਦਿ ਜ਼ਿਲਿ੍ਹਆਂ 'ਚ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਪਾਸੋ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।