ਯੋਗੇਸ਼ ਸ਼ਰਮਾ, ਭਦੌੜ : ਕਸਬਾ ਭਦੌੜ 'ਚ ਪੰਚਵਟੀ ਕਾਲੋਨੀ ਕੋਲ ਬਰਨਾਲਾ-ਬਾਜਾਖਾਨਾ ਰੋਡ ਦੀ ਹਾਲਤ ਲੰਮੇ ਸਮੇਂ ਤੋਂ ਬਦ ਤੋਂ ਬਦਤਰ ਹੋਈ ਪਈ ਹੈ। ਇਸ ਕਾਰਨ ਲੋਕ ਬੇਹੱਦ ਪਰੇਸ਼ਾਨ ਹਨ, ਇਲਾਕਾ ਵਾਸੀ ਬੱਬੂ ਸਿੰਗਲਾ, ਗੁਰਦੀਪ ਸਿੰਘ, ਸਾਬਕਾ ਪੰਚ ਗੁਰਚਰਨ ਸਿੰਘ ਤਲਵਾੜ ਨੇ ਦੱਸਿਆ ਕਿ ਥੋੜ੍ਹਾ ਜਿਹਾ ਮੀਂਹ ਪੈਣ 'ਤੇ ਹੀ ਸੜਕ 'ਚ ਬਣੇ ਖੱਡਿਆਂ 'ਚ ਪਾਣੀ ਭਰਨ ਉਪਰੰਤ ਸੜਕ ਦਰਿਆ ਦਾ ਰੂਪ ਧਾਰਨ ਕਰ ਜਾਂਦੀ ਹੈ। ਇਸ ਤੋਂ ਇਲਾਵਾ ਸੜਕ ਵੱਡੇ-ਵੱਡੇ ਖੱਡਿਆਂ ਕਾਰਨ ਕੱਚੇ ਪਹੇ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿਸ ਕਾਰਨ ਨਾਲ ਇੱਥੇ ਸਦਾ ਹੀ ਧੂੜ ਧਪਾ ਉੱਡਦਾ ਰਹਿੰਦਾ ਹੈ, ਜਿਸ ਕਾਰਨ ਸਾਨੂੰ ਸਾਹ ਲੈਣਾ ਵੀ ਅੌਖਾ ਹੋਇਆ ਪਿਆ ਹੈ। ਇਸ ਰੋਡ ਦੀ ਤ੍ਰਾਸਦੀ ਇਹ ਹੈ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ, ਇਸ ਲਈ ਨਾ ਤਾਂ ਨਗਰ ਕੌਂਸਲ ਸੰਜੀਦਾ ਹੈ ਤੇ ਨਾ ਹੀ ਲੋਕ ਨਿਰਮਾਣ ਮਹਿਕਮਾ ਜਿਸ ਕਾਰਨ ਇਸ ਟੁੱਟੀ ਸੜਕ ਦਾ ਸੰਤਾਪ ਆਮ ਕੰਮ ਲੋਕ ਭੁਗਤ ਰਹੇ ਹਨ ਤੇ ਇੱਥੇ ਰੋਜ਼ਾਨਾ ਸੜਕ ਹਾਦਸੇ ਹੁੰਦੇ ਹਨ, ਜਿਸ ਕਾਰਨ ਰੋਜ਼ਾਨਾ ਹੀ ਲੋਕ ਜ਼ਖ਼ਮੀ ਹੁੰਦੇ ਹਨ। ਇਸ ਤੋਂ ਇਲਾਵਾ ਕਈ ਲੋਕ ਇੱਥੇ ਹਾਦਸਿਆਂ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਤੇ ਮੌਤ ਦੀ ਲੜਾਈ ਵੀ ਲੜ ਰਹੇ ਹਨ। ਸੜਕ ਦੀ ਇਕ ਸਾਈਡ ਬਿਲਕੁਲ ਤਬਾਹ ਹੋਣ ਕਾਰਨ ਜ਼ਿਆਦਾਤਰ ਟ੍ਰੈਫਿਕ ਇਕ ਸਾਈਡ ਹੀ ਚੱਲਦੀ ਹੈ, ਜਿਸ ਕਾਰਨ ਸਦਾ ਹੀ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਦੀ ਮੰਗ ਹੈ ਕਿ ਪਾਣੀ ਦਾ ਨਿਕਾਸ ਸਹੀ ਕੀਤਾ ਜਾਵੇ ਤੇ ਸੜਕ ਨੂੰ ਨਵੇਂ ਸਿਰਿਓ ਪੱਕੇ ਰੂਪ 'ਚ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ।