ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪਿੰਡ ਬਡਬਰ ਦਾ ਕਿਸਾਨ ਜੋ ਕੋਆਪ੍ਰਰੇਟਿਵ ਸੁਸਾਇਟੀ ਬਡਬਰ ਦਾ ਮੈਂਬਰ ਹੈ, ਨੇ ਕਰਜ਼ਾ ਮਾਫ਼ੀ ਲਈ ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ ਸੀ ਪਰ ਕੋਆਪ੍ਰਰੇਟਿਵ ਸੁਸਾਇਟੀ ਸਹਿਕਾਰੀ ਬੈਂਕ ਵੱਲੋਂ ਉਸ ਨੂੰ ਮਿ੍ਤਕ ਐਲਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਕਿਸਾਨ ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਨੇ ਐੱਸਡੀਐੱਮ ਬਰਨਾਲਾ ਸੰਦੀਪ ਕੁਮਾਰ ਕੋਲ ਕਰਜ਼ਾ ਮਾਫ਼ੀ ਦੀ ਗੁਹਾਰ ਲਾਈ ਹੈ ਤੇ ਦੱਸਿਆ ਹੈ ਕਿ ਉਹ ਹਾਲੇ ਜਿਉਂਦਾ ਹੈ। ਐੱਸਡੀਐੱਮ ਸੰਦੀਪ ਕੁਮਾਰ ਵੱਲੋਂ ਕਿਸਾਨ ਨੂੰ ਮਾਮਲੇ ਦੀ ਜਾਂਚ ਤੋਂ ਬਾਅਦ ਕਰਜ਼ਾ ਮਾਫ਼ੀ ਤੇ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਕਿਸਾਨ ਨੇ ਦੱਸਿਆ ਕਿ ਉਹ ਕੋਆਪ੍ਰਰੇਟਿਵ ਸੁਸਾਇਟੀ ਦਾ ਇੰਚਾਰਜ ਰਹਿ ਚੁੱਕਿਆ ਹੈ ਤੇ ਹੁਣ ਮੈਂਬਰ ਹੈ। ਇਸ ਬੈਂਕ 'ਚ ਉਹਦਾ ਸੇਵਿੰਗ ਖਾਤਾ ਬਣਿਆ ਹੈ।

ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਨੇ ਕਰਜ਼ਾ ਮਾਫ਼ੀ ਦੀ ਅਰਜ਼ੀ ਸੁਸਾਇਟੀ ਬੈਂਕ ਨੂੰ ਦਿੱਤੀ ਸੀ ਪਰ ਜਦ 60 ਫ਼ੀਸਦੀ ਲੋਕਾਂ ਦਾ ਮਾਫ਼ੀਨਾਮਾ ਮਨਜ਼ੂਰ ਹੋ ਚੁੱਕਿਆ ਹੈ। ਉਸ ਵੱਲੋਂ ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਉਸ ਦੀ ਕਰਜ਼ਾ ਮਾਫ਼ੀ ਦੀ ਫ਼ਾਇਲ ਨਹੀਂ ਭੇਜੀ ਗਈ, ਜਿਸ ਤੋਂ ਬਾਅਦ ਉਸ ਨੇ ਉਸ ਮਾਮਲੇ ਵਿਚ ਕਾਰਵਾਈ ਕਰਵਾਉਣ ਲਈ ਕਿਹਾ ਤਾਂ ਮੁਲਾਜ਼ਮਾਂ ਨੇ ਕਿਹਾ ਕਿ ਧਨੇਰ ਵਿਚ ਕੈਂਪ ਲੱਗੇਗਾ, ਉਹ ਆ ਜਾਵੇ ਤੇ ਫਾਈਲ ਠੀਕ ਕਰਵਾ ਦਿੱਤੀ ਜਾਵੇਗੀ।

ਇਸ ਮਗਰੋਂ ਫੇਰ ਫਾਈਲ ਲਾਈ ਤਾਂ ਉਸ ਦਾ ਨਾਂ ਕਰਜ਼ਾ ਮਾਫ਼ੀ ਸੂਚੀ ਵਿਚ ਪਾਉਣ ਦੀ ਜਗ੍ਹਾ ਸੁਸਾਇਟੀ ਮੁਲਾਜ਼ਮਾਂ ਨੇ ਉਸ ਨੂੰ ਮਿ੍ਤਕ ਸੂਚੀ ਵਿਚ ਪਾ ਦਿੱਤਾ। ਕਿਸਾਨ ਨੇ ਦੱਸਿਆ ਕਿ ਜੇ ਇਨ੍ਹਾਂ ਮੁਲਾਜ਼ਮਾਂ ਦੇ ਖਿਲਾਫ਼ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਦਾਲਤ ਵਿਚ ਪੁੱਜੇਗਾ।

-ਐੱਸਡੀਐੱਮ ਸੰਦੀਪ ਕੁਮਾਰ ਨੇ ਗੁਰਮੁਖ ਸਿੰਘ ਨੂੰ ਕਰਜ਼ਾ ਮਾਫ਼ੀ ਦੇ ਕੇਸ ਵਿਚ ਜਾਂਚ ਕਰਵਾਉਣ ਲਈ ਕਿਹਾ ਹੈ ਤੇ ਸਬੰਧਤ ਮੁਲਾਜ਼ਮਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

-ਡੀਸੀ ਬਰਨਾਲਾ ਤੇਜਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਐੱਸਡੀਐੱਮ ਬਰਨਾਲਾ ਨਾਲ ਗੱਲਬਾਤ ਕਰ ਕੇ ਕਰਵਾਈ ਜਾਵੇਗੀ ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।