ਮਨੋਜ ਕੁਮਾਰ, ਧੂਰੀ : ਖੱਤਰੀ ਸਭਾ ਧੂਰੀ ਵੱਲੋਂ ਪ੍ਰਧਾਨ ਰਜਿੰਦਰ ਮਹਿਤਾ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਲੋਕਾਂ ਨੂੰ ਸਰਕਾਰ ਵੱਲੋਂ ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਬਾਰੇ ਜਾਗਰੂਕ ਕੀਤਾ ਗਿਆ। ਸਥਾਨਕ ਸਬਜ਼ੀ ਮੰਡੀ ਸਮੇਤ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅੰਦਰ ਖ਼ਰੀਦੋ-ਫ਼ਰੋਖ਼ਤ ਕਰਨ ਆਏ ਲੋਕਾਂ ਨੂੰ ਕੱਪੜੇ ਦੇ ਬਣੇ ਹੋਏ ਝੋਲੇ ਵੀ ਵੰਡੇ ਗਏ। ਇਸ ਮੌਕੇ ਪ੍ਰਧਾਨ ਰਜਿੰਦਰ ਮਹਿਤਾ ਨੇ ਦੱਸਿਆ ਕਿ ਜਿੱਥੇ ਸਰਕਾਰ ਵੱਲੋਂ ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਲਈ ਮੁਹਿੰਮ ਆਰੰਭੀ ਗਈ ਹੈ, ਉੱਥੇ ਸਾਨੂੰ ਵੀ ਚਾਹੀਦਾ ਹੈ ਕਿ ਪਲਾਸਟਿਕ ਕਾਰਨ ਮਨੁੱਖੀ ਸਿਹਤ ਅਤੇ ਵਾਤਾਵਰਨ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਮਹਿਸੂਸ ਕਰਦਿਆਂ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ 'ਚ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਦੀ ਮੁਹਿੰਮ ਦੌਰਾਨ ਸੰਸਥਾ ਵੱਲੋਂ ਕਰੀਬ 200 ਝੋਲੇ ਵੰਡੇ ਗਏ। ਇਸ ਮੌਕੇ ਰਮੇਸ਼ ਥਾਪਰ, ਹਰਬੰਸ ਸਿੰਘ ਸੋਢੀ, ਕ੍ਰਿਸ਼ਨ ਗੋਪਾਲ, ਜਗਦੀਸ਼ ਕੁਮਾਰ ਸੋਫਤ, ਮਨਮੋਹਨ ਸਿੰਘ ਸੋਢੀ, ਜਤਿੰਦਰ ਸਿੰਘ, ਮਹਿੰਦਰਪਾਲ ਸਿੰਗਲਾ ਤੋਂ ਇਲਾਵਾ ਨਗਰ ਕੌਂਸਲ ਅਧਿਕਾਰੀਆਂ 'ਚ ਰਾਜੇਸ਼ ਕੁਮਾਰ ਸੈਨੇਟਰੀ ਇੰਸਪੈਕਟਰ ਅਤੇ ਸੰਦੀਪ ਸਿੰਘ ਵੀ ਹਾਜ਼ਰ ਸਨ।