ਪਵਿੱਤਰ ਸਿੰਘ, ਸੰਗਰੂਰ

ਪਸ਼ੂ ਪਾਲਣ ਵਿਭਾਗ ਸੰਗਰੂਰ ਦੇ ਡਿਪਟੀ ਡਾਇਰੈਕਟਰ ਡਾ ਸੁਖਵਿੰਦਰ ਸਿੰਘ ਅਤੇ ਸੀਨੀਅਰ ਵੈਟਰਨਰੀ ਅਫਸਰ ਮਲੇਰਕੋਟਲਾ ਡਾ ਮਿਸ਼ਰ ਸਿੰਘ ਦੇ ਨਿਰਦੇਸ਼ਾਂ ਤੇ ਸਿਵਲ ਪਸ਼ੂ ਹਸਪਤਾਲ ਬਾਗੜੀਆਂ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਡਾ ਦਵਿੰਦਰ ਸਿੰਘ ਅਤੇ ਡਾ ਪ੍ਰਦੀਪ ਸਿੰਘ ਨੇ ਪਸ਼ੂਆਂ ਚ ਪਾਈ ਜਾਣ ਵਾਲੇ ਚਮੜੀ ਰੋਗ ਲੰਪੀ ਸਕਿਨ ਡਿਜੀਜ਼ (ਐਲ.ਐਸ.ਡੀ) ਦੀ ਬਿਮਾਰੀ ਸਬੰਧੀ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਇਸ ਬੀਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਇਸ ਤੋਂ ਪਸ਼ੂਆਂ ਨੂੰ ਤੰਦਰੁਸਤ ਰੱਖਣ ਲਈ ਸੰਤੁਲਤ ਖੁਰਾਕ ਦੇਣ ਦੇ ਨਾਲ ਨਾਲ ਮੱਖੀ ਮੱਛਰ ਅਤੇ ਚਿੱਚੜੀਆਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਅਤੇ ਜੇਕਰ ਕਿਸੇ ਪਸ਼ੂ ਨੂੰ ਇਹ ਬੀਮਾਰੀ ਆ ਗਈ ਹੋਵੇ ਤਾਂ ਉਸ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਤੋਂ ਗ੍ਸਤ ਪਸ਼ੂ 10-12 ਦਿਨਾਂ ਦੇ ਚ ਆਪਣੇ ਆਪ ਤੰਦਰੁਸਤ ਹੋ ਜਾਂਦਾ ਹੈ ਜੇਕਰ ਪਸੂ ਦੀ ਚਮੜੀ ਤੇ ਧੱਫੜ, ਤੇਜ ਬੁਖਾਰ, ਪੈਰਾ ਦੀ ਸੋਜ ,ਦੁੱਧ ਦਾ ਘਟਣਾ ,ਪਸੂ ਦੀ ਭੁੱਖ ਦਾ ਘਟਣਾ ਆਦ ਲੱਛਣ ਆਉਂਦੇ ਹਨ ਤਾਂ ਮਾਹਿਰ ਡਾਕਟਰਾਂ ਪਾਸੋਂ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ । ਉਨਾਂ੍ਹ ਦੱਸਿਆ ਕਿ ਸਾਡੇ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ਚ ਇਸ ਬਿਮਾਰੀ ਦੀ ਰੋਕਥਾਮ ਲਈ ਗੌਟ ਪੌਕਸ ਦੀ ਵੈਕਸੀਨ ਪਸ਼ੂਆਂ ਨੂੰ ਲਗਾਈ ਜਾ ਰਹੀ ਹੈ । ਪੰਚਾਇਤ ਸੈਕਟਰੀ ਪਵਿੱਤਰ ਸਿੰਘ ਨੇ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਹਵਾਲਾ ਦਿੰਦਿਆਂ ਪਿੰਡ ਦੀ ਪੰਚਾਇਤ ਨੂੰ ਕਿਹਾ ਕਿ ਜੇਕਰ ਪਸ਼ੂ ਇਸ ਬਿਮਾਰੀ ਨਾਲ ਮਰ ਰਹੇ ਹਨ ਉਨਾਂ੍ਹ ਨੂੰ ਖੁੱਲ੍ਹੇ ਵਿਚ ਨਾ ਸੁੱਟਿਆ ਜਾਵੇ ਅਤੇ ਪੰਚਾਇਤ ਵੱਲੋਂ ਜ਼ਮੀਨ ਅੰਦਰ ਟੋਆ ਪੁੱਟ ਕੇ ਉਸ ਨੂੰ ਦੱਬਣ ਦਾ ਪ੍ਰਬੰਧ ਕਰਵਾਇਆ ਜਾਵੇ ਤਾਂ ਜੋ ਕਿਸੇ ਮਹਾਂਮਾਰੀ ਦੇ ਫੈਲਣ ਦੇ ਖਤਰੇ ਤੋਂ ਬਚਿਆ ਜਾ ਸਕੇ । ਇਸ ਮੌਕੇ ਵੈਟਰਨਰੀ ਇੰਸਪੈਕਟਰ ਸੁਖਮਨਦੀਪ ਸਿੰਘ ਨਿਆਮਤਪੁਰ, ਤਾਰਾ ਸਿੰਘ,ਸੁਖਚੈਨ ਸਿੰਘ,ਸਰਪੰਚ ਦੇ ਪਤੀ ਜਸਵੰਤ ਸਿੰਘ ,ਅਸ਼ੋਕ ਕੁਮਾਰ ਦਾਨੀ ਮੋਹਣ ਸਿੰਘ ਲੋਟੇ ਜਗਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਪਸ਼ੂ ਪਾਲਕ ਹਾਜ਼ਰ ਸਨ ।