ਬੂਟਾ ਸਿੰਘ ਚੌਹਾਨ, ਸੰਗਰੂਰ :

ਸਿੱਖਿਆ ਵਿਭਾਗ ਦੀਆਂ ਆਨ-ਲਾਇਨ ਮੀਟਿੰਗਾਂ ਵਿੱਚ ਅਧਿਆਪਕਾਂ ਨਾਲ ਕੀਤੇ ਜਾਂਦੇ ਗੈਰ-ਮਨੁੱਖੀ ਵਿਹਾਰ ਅਤੇ ਵਰਤੀ ਭੱਦੀ ਸ਼ਬਦਾਵਲੀ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਸਿੱਖਿਆ ਵਿਭਾਗ ਖ਼ਿਲਾਫ਼ ਸਖ਼ਤ ਰੋਸ ਮੁਜ਼ਾਹਰਾ ਕਰਨ ਉਪਰੰਤ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਅ ਸ) ਸੰਗਰੂਰ ਅੱਗੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਅ ਸ) ਲੁਧਿਆਣਾ ਕੁਲਦੀਪ ਸਿੰਘ ਸੈਣੀ ਦਾ ਪੁਤਲਾ ਫੂਕਿਆ ਗਿਆ। ਗੌਰਤਲਬ ਹੈ ਕਿ ਸੰਗਰੂਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਹਾਜ਼ਰੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਅ ਸ) ਲੁਧਿਆਣਾ ਅਧਿਆਪਕਾਂ ਨਾਲ ਆਨ ਲਾਈਨ ਮੀਟਿੰਗਾਂ ਵਿੱਚ ਦੁਰ-ਵਿਵਹਾਰ ਕਰਨ ਦੇ ਨਾਲ-ਨਾਲ ਦੂਰ ਦੁਰਾਡੇ ਬਦਲੀਆਂ ਕਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਧਿਕਾਰੀ ਦੇ ਇਸ ਤਰ੍ਹਾਂ ਦੇ ਗੈਰ ਮਨੁੱਖੀ ਵਿਵਹਾਰ ਪ੍ਰਤੀ ਸਮੂਹ ਅਧਿਆਪਕ ਜਥੇਬੰਦੀਆਂ ਅਤੇ ਅਧਿਆਪਕਾਂ ਵਿੱਚ ਬਹੁਤ ਗੁੱਸਾ ਸੀ।

ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਡੀਟੀਐੱਫ ਦੇ ਬਲਬੀਰ ਚੰਦ ਲੌਂਗੋਵਾਲ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਦੇਵੀ ਦਿਆਲ, ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਅਵਤਾਰ ਸਿੰਘ ਭਲਵਾਨ, ਸੀਐੱਡਵੀ ਕਾਡਰ ਯੂਨੀਅਨ ਦੇ ਸੁਖਜਿੰਦਰ ਹਰੀਕਾ, ਕੰਪਿਊਟਰ ਅਧਿਆਪਕ ਯੂਨੀਅਨ ਦੇ ਕੁਲਵਿੰਦਰ ਸਿੰਘ ਅਤੇ ਬੀਐਡ ਟੈੱਟ ਪਾਸ ਯੂਨੀਅਨ ਦੇ ਹਰਦਮ ਸਿੰਘ ਨੇ ਕਿਹਾ ਕਿ ਸਿੱਖਿਆ ਅਧਿਕਾਰੀਆਂ ਵੱਲੋਂ ਦਾਖ਼ਲਾ ਵਧਾਉਣ ਦੇ ਨਾਂ ਉੱਪਰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਇਸ ਅਧਿਕਾਰੀ ਵੱਲੋਂ ਹਰਿਆਣਾ ਬੈਲਟ ਨਾਲ ਲੱਗਦੇ ਪਿੰਡਾਂ ਦੇ ਅਧਿਆਪਕਾਂ ਨੂੰ ਐਚਆਰਏ ਕੱਟਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸਗੋਂ ਲੋਕ ਸ਼ਕਤੀ ਨਾਲ ਹਰ ਜੁਲਮ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।

ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਹਰਜੀਤ ਸਿੰਘ ਗਲਵੱਟੀ, ਸਰਬਜੀਤ ਪੁੰਨਾਵਾਲ, ਹਰਭਗਵਾਨ ਗੁਰਨੇ, ਦਾਤਾ ਸਿੰਘ, ਗੁਰਜੀਤ ਘਨੌਰ, ਗਗਨਦੀਪ, ਮੇਘ ਰਾਜ, ਜਗਦੀਸ਼ ਸ਼ਰਮਾ, ਮਨਜੀਤ ਸਿੰਘ, ਜੋਤਿੰਦਰ ਸਿੰਘ, ਜਸਵੀਰ ਗਿੱਲ, ਰਾਜ ਸ਼ੇਰੋਂ, ਬਲਜੀਤ ਸਿੰਘ, ਪਰਵਿੰਦਰ ਸਿਘ, ਕਿਰਨਪਾਲ ਸਿੰਘ, ਤਰਸੇਮ ਸਿੰਘ, ਹਰਜੀਤ ਕੌਰ, ਕੁਲਜਿੰਦਰ ਕੌਰ, ਬੇਅੰਤ ਕੌਰ, ਗੁਰਿੰਦਰ ਜੀਤ, ਵੀ ਮੌਜੂਦ ਸਨ।