ਅਸ਼ੋਕ ਜੋਸ਼ੀ, ਮਾਲੇਰਕੋਟਲਾ : ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤਾਂ ਵਿਚ ਅੱਗ ਨਾ ਲਾਉਣ ਸਬੰਧੀ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ 5 ਏਕੜ ਤੋਂ ਘੱਟ ਮਾਲਕੀ ਵਾਲੇ ਅਜਿਹੇ ਕਿਸਾਨਾਂ, ਜਿਨ੍ਹਾਂ ਨੇ ਆਪਣੇ ਖੇਤਾਂ ਵਿਚ ਅੱਗ ਨਹੀਂ ਲਾਈ, ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਕਰਮਜੀਤ ਸਿੰਘ ਪਾਂਥੇ ਐੱਸਡੀਐੱਮ ਮਾਲੇਰਕੋਟਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋੋਂ ਜਿੱਥੇ ਆਪਣੇ ਪੱਧਰ ਉੱਪਰ ਕਿਸਾਨਾਂ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਮਾਨਯੋਗ ਡਿਪਟੀ ਕਮਿਸ਼ਨਰ, ਸੰਗਰੂਰ ਦੇ ਹੁਕਮਾਂ ਤਹਿਤ ਸਬ ਡਵੀਜ਼ਨ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਵਿੱਚ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੋਰਚਾ ਸੰਭਾਲ ਲਿਆ ਹੈ। ਕਾਲਜ ਮੁਖੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਇਸ ਯੋਜਨਾ ਬਾਰੇ ਵਿਦਿਆਰਥੀਆਂ ਨੂੰ ਵੀ ਜਾਗਰੂਕ ਕੀਤਾ ਜਾਵੇ। ਪਾਂਥੇ ਨੇ ਅਜਿਹੇੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡ ਦੀ ਪੰਚਾਇਤ ਵੱਲੋਂ ਦਿੱਤੇ ਜਾਣ ਵਾਲੇ ਸਵੈ-ਘੋਸ਼ਣਾ ਪੱਤਰ ਵਿਚ ਲੋੜੀਂਦੀ ਜਾਣਕਾਰੀ ਭਰ ਕੇ 30 ਨਵੰਬਰ ਤਕ ਪੰਚਾਇਤ ਕੋਲ ਹੀ ਜਮ੍ਹਾਂ ਕਰਵਾ ਦੇਣ। ਇਨ੍ਹਾਂ ਫਾਰਮਾਂ ਦੀ ਸਬੰਧਤ ਪੰਚਾਇਤ ਸਕੱਤਰ, ਪਟਵਾਰੀ ਤੇ ਕਲੱਸਟਰ ਕੋਆਰਡੀਨੇਟਰ ਵੱਲੋੋਂ ਵੈਰੀਫਿਕੇਸ਼ਨ ਹੋਣ ਉਪਰੰਤ ਸਬੰਧਤ ਕਿਸਾਨ ਦੇ ਖਾਤੇ ਵਿਚ ਮੁਆਵਜ਼ੇ ਦੀ ਰਕਮ ਆ ਜਾਵੇਗੀ। ਇਸ ਮੌਕੇ ਹੋਰਨਾਂ ਤੋੋਂ ਇਲਾਵਾ ਬਾਦਲ ਦੀਨ ਤਹਿਸੀਲਦਾਰ ਮਾਲੇਰਕੋਟਲਾ, ਨਰਿੰਦਰਪਾਲ ਸਿੰਘ ਵੜੈਚ, ਨਾਇਬ ਤਹਿਸੀਲਦਾਰ ਮਾਲੇਰਕੋਟਲਾ, ਸ਼੍ਰੀਮਤੀ ਅਮਨਦੀਪ ਕੌਰ ਬੀਡੀਪੀਓ ਮਾਲੇਰਕੋਟਲਾ, ਸੁਰਿੰਦਰ ਕੁਮਾਰ, ਸਕੱਤਰ ਮਾਰਕਿਟ ਕਮੇਟੀ ਮਾਲੇਰਕੋਟਲਾ, ਰਸਵੀਰ ਸਿੰਘ ਸਕੱਤਰ ਮਾਰਕੀਟ ਕਮੇਟੀ ਅਮਰਗੜ੍ਹ, ਸ੍ਰੀ ਹਰਜਿੰਦਰ ਸਿੰਘ ਐੱਸਐੱਚਓ ਸਿਟੀ-1 ਮਾਲੇਰਕੋਟਲਾ ਅਤੇ ਜਸਬੀਰ ਸਿੰਘ ਸੁਪਰਡੈਂਟ ਐੱਸਡੀਐੱਮ ਦਫ਼ਤਰ ਮਾਲੇਰਕੋਟਲਾ ਵੀ ਮੌੌਜੂਦ ਸਨ।