ਰਵਿੰਦਰ ਸਿੰਘ ਰੇਸ਼ਮ, ਕੁੱਪ ਕਲਾਂ : ਪੰਜਾਬ ਦੀ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਲਈ ਕਿਸਾਨਾਂ 'ਤੇ ਸ਼ਿਕੰਜਾ ਕੱਸਿਆ ਹੈ ਤਾਂ ਕਿ ਵਾਤਾਵਰਨ ਅੰਦਰ ਫੈਲ ਰਹੇ ਜ਼ਹਿਰੀਲੇ ਧੂੰਏਂ ਨੂੰ ਘੱਟ ਕੀਤਾ ਜਾਵੇ ਤੇ ਮਨੁੱਖੀ ਜੀਵਨ ਨੂੰ ਤੰਦਰੁਸਤ ਬਣਾਇਆ ਜਾਵੇ। ਇਸ ਲੜੀ ਵਿਚ ਪਿੰਡ ਉਮਰਪੁਰਾ ਦੇ ਮਿਹਨਤੀ ਕਿਸਾਨ ਸੁਖਜਿੰਦਰ ਸਿੰਘ ਨੋਨੀ ਨੇ ਜਿੱਥੇ ਪਰਾਲੀ ਨੂੰ ਬਿਨਾਂ ਅੱਗ ਲਾਏ ਹੀ ਕਣਕ ਦੀ ਸਿੱਧੀ ਬਿਜਾਈ ਕਰ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਸੰਦੇਸ਼ ਦਿੱਤਾ ਹੈ, ਉੱਥੇ ਹੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਵੀ ਇੰਨ-ਬਿੰਨ ਪਾਲਣਾ ਕੀਤੀ ਹੈ। ਨੋਨੀ ਨੇ ਦੱਸਿਆ ਕਿ ਅਸੀਂ ਪਿਛਲੇ ਲੰਮੇ ਅਰਸੇ ਤੋਂ ਹੀ ਪਰਾਲੀ ਨੂੰ ਬਿਨਾਂ ਅੱਗ ਲਾਏ ਆਪਣੀ ਕਣਕ ਦੀ ਬਿਜਾਈ ਕਰਦੇ ਆ ਰਹੇ ਹਾਂ, ਜਿਸ ਦਾ ਝਾੜ ਬਹੁਤ ਵਧੀਆ ਨਿਕਲਦਾ ਹੈ ਤੇ ਵਾਤਾਵਰਨ ਵਿਚ ਫੈਲਣ ਵਾਲਾ ਅੰਨੇਵਾਹ ਜ਼ਹਿਰੀਲਾ ਧੂੰਆਂ ਵੀ ਪੈਦਾ ਨਹੀਂ ਹੁੰਦਾ।

ਇਸੇ ਤਰ੍ਹਾਂ ਦੂਸਰੇ ਕਿਸਾਨ ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪਰਾਲੀ ਦੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਾਏ ਹੀ ਸਾਰੇ ਕਿਸਾਨਾਂ ਨੂੰ ਬਿਜਾਈ ਕਰਨੀ ਚਾਹੀਦੀ ਹੈ ਜਿਸ ਨਾਲ ਜ਼ਮੀਨ ਦੀ ਮਿੱਟੀ ਦੇ ਤੱਤ ਵੀ ਖ਼ਤਮ ਨਹੀਂ ਹੁੰਦੇ ਤੇ ਵਾਤਾਵਰਨ ਵੀ ਗੰਧਲਾ ਨਹੀਂ ਹੁੰਦਾ। ਇਸ ਸਮੇਂ ਪਰਾਲੀ ਨੂੰ ਬਿਨਾਂ ਅੱਗ ਲਾਉਣ ਵਾਲੇ ਕਿਸਾਨਾਂ ਵਿਚੋਂ ਚਰਨਜੀਤ ਸਿੰਘ ਚੰਨੀ, ਅਜੀਤਪਾਲ ਸਿੰਘ, ਇੰਦੂ ਗਰੇਵਾਲ, ਸਿੰਮੂ ਗਰੇਵਾਲ ਅਤੇ ਬਲਵਿੰਦਰ ਸਿੰਘ ਵੀ ਹਾਜ਼ਰ ਸਨ।