ਸੁਰਿੰਦਰ ਗੋਇਲ, ਸ਼ਹਿਣਾ : ਸ਼ੁੱਕਰਵਾਰ ਨੂੰ ਪਿੰਡ ਟੱਲੇਵਾਲ, ਮੱਝੂਕੇ ਤੇ ਰਾਮਗੜ੍ਹ ਦੇ ਲੋਕਾਂ ਦੀ ਪੀੜਤ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਥਾਣਾ ਟੱਲੇਵਾਲ ਦੇ ਬਾਹਰ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਕੌਰ ਸਿੰਘ, ਨਾਹਰ ਸਿੰਘ, ਰਾਜਿੰਦਰ ਸਿੰਘ, ਲਾਲ ਸਿੰਘ, ਅਜੈਬ ਸਿੰਘ, ਮਨੋਹਰ ਲਾਲ, ਸਰੂਪ ਸਿੰਘ, ਹਰਬੰਸ ਸਿੰਘ, ਸਰਬਜੀਤ ਸਿੰਘ, ਬਲਵੀਰ ਸਿੰਘ ਆਦਿ ਨੇ ਦੱਸਿਆ ਕਿ ਨੈਸ਼ਨਲ ਟ੍ਰੇਡਿੰਗ ਕੰਪਨੀ ਟੱਲੇਵਾਲ ਦੇ ਕਮਿਸ਼ਨ ਏਜੰਟ ਕੁਲਵਿੰਦਰ ਸਿੰਘ, ਹਰਭਜਨ ਸਿੰਘ ਤੇ ਚਮਕੌਰ ਸਿੰਘ ਪੁੱਤਰ ਕਰਤਾਰ ਸਿੰਘ ਨੇ ਪਿੰਡ ਟੱਲੇਵਾਲ, ਮੱਝੂਕੇ ਤੇ ਰਾਮਗੜ੍ਹ ਦੇ ਲੋਕਾਂ ਨਾਲ 10 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਹੈ।

ਜਿਸ ਸਬੰਧੀ ਪੀੜਤ ਪਰਿਵਾਰਾਂ ਤੋਂ ਇਲਾਵਾ ਐਕਸ਼ਨ ਕਮੇਟੀ ਨੇ ਐੱਸਐੱਸਪੀ ਬਰਨਾਲਾ ਨੂੰ ਦਰਖਾਸਤਾਂ ਦੇ ਕੇ ਕਾਨੂੰਨੀ ਕਾਰਵਾਈ ਕਰਨ ਦੀ ਗੁਹਾਰ ਲਾਈ ਸੀ। ਜਿਸ ਦੀ ਪੜਤਾਲ ਐੱਸਪੀ (ਡੀ) ਸੁਖਦੇਵ ਸਿੰਘ ਵਿਰਕ ਵੱਲੋਂ ਕਰਨ ਉਪਰੰਤ ਐੱਸਐੱਸਪੀ ਬਰਨਾਲਾ ਦੇ ਹੁਕਮਾਂ 'ਤੇ ਥਾਣਾ ਟੱਲੇਵਾਲ ਵਿਖੇ ਲੰਘੀ 22 ਜੂਨ ਨੂੰ ਉਕਤ ਤਿੰਨੇ ਆੜ੍ਹਤੀਏ ਭਰਾਵਾਂ ਖ਼ਿਲਾਫ਼ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਪਰਚਾ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪਰਚਾ ਦਰਜ ਹੋਣ ਤੋਂ ਬਾਅਦ 12 ਦਿਨ ਬੀਤ ਜਾਣ ਉਪਰੰਤ ਵੀ ਟੱਲੇਵਾਲ ਪੁਲਿਸ ਵੱਲੋਂ ਤਿੰਨੇ ਆੜ੍ਹਤੀਏ ਭਰਾਵਾਂ ਦੀ ਗਿ੍ਫ਼ਤਾਰੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਰ ਚੜ੍ਹਦੇ ਦਿਨ ਪੁਲਿਸ ਨੂੰ ਮਿਲਣ ਉਪਰੰਤ ਸਿਰਫ ਇਕੋ ਇਕ ਭਰੋਸਾ ਦਿੱਤਾ ਜਾਂਦਾ ਹੈ, ਜਲਦ ਹੀ ਆੜ੍ਹਤੀਏ ਗਿ੍ਫ਼ਤਾਰ ਹੋਣਗੇ, ਪਰ ਅਜੇ ਤੱਕ ਗਿ੍ਫ਼ਤਾਰੀ ਨਹੀਂ ਹੋਈ। ਇਸ ਸਬੰਧੀ ਥਾਣਾ ਟੱਲੇਵਾਲ ਦੀ ਐੱਸਐੱਚਓ ਅਮਨਦੀਪ ਕੌਰ ਨੇ ਸੰਪਰਕ ਕਰਨ 'ਤੇ ਕਿਹਾ ਕਿ ਤਿੰਨੇ ਅੜ੍ਹਤੀਆਂ ਖ਼ਿਲਾਫ਼ ਪਰਚਾ ਦਰਜ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰੋਜ਼ ਛਾਪੇਮਾਰੀ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।