ਮਨੋਜ ਕੁਮਾਰ, ਧੂਰੀ : ਸਵੇਰੇ ਇਕ ਵਿਆਹ ਵਾਲੇ ਘਰ ਵਿਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਪੀੜਤ ਅਸ਼ੋਕ ਕੁਮਾਰ ਸਿੰਗਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਸਥਾਨਕ ਆਸਥਾ ਕਾਲੋਨੀ ਵਿਚ ਰਹਿੰਦੇ ਹਨ ਤੇ ਐਤਵਾਰ ਦੀ ਰਾਤ ਨੂੰ ਉਸ ਦੇ ਬੇਟੇ ਦਾ ਵਿਆਹ ਸਮਾਗਮ ਰੱਖਿਆ ਹੋਇਆ ਸੀ। ਸਵੇਰੇ ਕਰੀਬ 5 ਵਜੇ ਉਨ੍ਹਾਂ ਦੇ ਘਰ ਵਿਚ ਅੱਗ ਲੱਗ ਗਈ, ਜਿਸ ਨਾਲ ਉਨ੍ਹਾਂ ਦਾ ਫ਼ਰਨੀਚਰ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬਿਗ੍ਰੇਡ ਸੰਗਰੂਰ ਤੇ ਧੂਰੀ ਤੋਂ ਆਈਆਂ ਗੱਡੀਆਂ ਨੇ ਕਰੀਬ 1 ਘੰਟੇ ਵਿਚ ਅੱਗ 'ਤੇ ਕਾਬੂ ਪਾਉਣ 'ਚ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਇਸ ਹਾਦਸੇ 'ਚ ਕਰੀਬ 10 ਲੱਖ ਰੁਪਏ ਦੇ ਸਾਮਾਨ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਜ਼ਾਹਿਰ ਕੀਤਾ ਹੈ। ਹਾਦਸੇ ਦੌਰਾਨ ਇੱਕ ਪਰਿਵਾਰਕ ਮੈਂਬਰ ਅੱਗ ਵਿਚ ਫਸ ਗਿਆ ਸੀ, ਪ੍ਰੰਤੂ ਫਾਇਰ ਬਿਗ੍ਰੇਡ ਵੱਲੋਂ ਉਸ ਨੂੰ ਪੌੜੀ ਲਾ ਕੇ ਸੁਰੱਖਿਅਤ ਬਾਹਰ ਕੱਿਢਆ ਗਿਆ ਸੀ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ। ਉਨ੍ਹਾਂ ਅੱਗ ਲੱਗਣ ਸਬੰਧੀ ਸ਼ੱਕ ਪ੍ਰਗਟਾਇਆ ਕਿ ਮੋਬਾਈਲ ਚਾਰਜ ਕਰਨ ਲਈ ਵਰਤੇ ਜਾਣ ਵਾਲੇ ਪਾਵਰ ਬੈਂਕ ਦੇ ਫੱਟਣ ਕਾਰਨ ਘਰ 'ਚ ਪਏ ਸੋਫ਼ੇ ਨੂੰ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਇਹ ਅੱਗ ਘਰ ਵਿਚ ਫੈਲ ਗਈ। ਇਸ ਹਾਦਸੇ 'ਚ ਘਰ 'ਚ ਪਿਆ ਸੋਫ਼ਾ, ਏਸੀ, ਝੂਮਰ, ਪੱਖਿਆਂ ਸਮੇਤ ਹੋਰ ਸਾਮਾਨ ਬੁਰੀ ਤਰ੍ਹਾਂ ਸੜ ਗਿਆ।