ਸੰਗਰੂਰ : ਲੋਕ ਸਭਾ ਚੋਣਾਂ 2019 ਲਈ ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਨੇ ਵੀ ਆਪਣੀ ਸਰਗਰਮੀ ਵਧਾ ਦਿੱਤੀ ਹੈ। 'ਆਪ' ਦੇ ਪੰਜਾਬ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸੋਮਵਾਰ ਨੂੰ ਸੰਗਰੂਰ ਪਹੁੰਚੇ। ਉਨ੍ਹਾਂ ਕਿਹਾ ਕਿ ਆਪ ਲੋਕ ਸਭਾ ਚੋਣਾਂ 'ਚ ਚੰਗਾ ਪ੍ਰਦਰਸ਼ਨ ਕਰੇਗੀ। ਖ਼ਾਸ ਕਰ ਦਿੱਲੀ 'ਚ ਆਪ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ। ਅਸੀਂ ਭਾਜਪਾ ਨੂੰ ਇਨ੍ਹਾਂ ਚੋਣਾਂ 'ਚ ਸੱਤਾ ਤੋਂ ਬਾਹਰ ਕਰਾਂਗੇ।

ਪੰਜਾਬ ਦੌਰੇ 'ਤੇ ਆਏ ਮਨੀਸ਼ ਸਿਸੋਦੀਆ ਨੇ ਸੰਗਰੂਰ ਰੇਲਵੇ ਸਟੇਸ਼ਨ 'ਤੇ ਜਾਗਰਣ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਿਤ ਸ਼ਾਹ ਤੇ ਮੋਦੀ ਦੀ ਜੋੜੀ ਨੂੰ ਤੋੜਨਾ ਬੇਹੱਦ ਜ਼ਰੂਰੀ ਹੈ। ਦਿੱਲੀ 'ਚ ਸਾਰੀਆਂ ਐਂਟੀ ਮੋਦੀ ਤਾਕਤਾਂ ਨੂੰ ਇਕਜੁੱਟ ਕੀਤਾ ਜਾ ਰਿਹਾ ਹੈ। ਆਮ ਆਦਮੀ ਪਰਾਟੀ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ। ਇਸ ਵਾਰੀ ਭਾਜਪਾ ਨੂੰ ਦੇਸ਼ ਦੀ ਜਨਤਾ ਸੱਤਾ 'ਚੋਂ ਆਊਟ ਕਰਨ ਲਈ ਬੇਤਾਬ ਹੈ।

ਸਿਸੋਦੀਆ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਦਾ ਕੋਈ ਭਲਾ ਨਹੀਂ ਕੀਤਾ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਅਪਣਾਈ ਡੋਰ-ਟੂ-ਡੋਰ ਪ੍ਰਚਾਰ ਮੁਹਿੰਮ ਨੂੰ ਹੁਣ ਪੰਜਾਬ 'ਚ ਸ਼ੁਰੂ ਕੀਤਾ ਜਾਵੇਗਾ। ਅੱਜ ਸੰਗਰੂਰ ਤੋਂ ਇਸ ਡੋਰ-ਟੂ-ਡੋਰ ਪ੍ਰਚਾਰ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਕ-ਇਕ ਪਿੰਡ, ਇਕ-ਇਕ ਘਰ ਤੇ ਇਕ-ਇਕ ਵੋਟਰ ਤਕ ਆਮ ਆਦਮੀ ਪਾਰਟੀ ਦੇ ਵਰਕਰ ਪਹੁੰਚ ਕੇ ਉਨ੍ਹਾਂ ਨਾਲ ਸਪੰਰਕ ਕਰਨਗੇ। ਇਸ ਬਾਰੇ ਵਰਕਰਾਂ ਨਾਲ ਬੈਠ ਕੇ ਇਸ ਮੁਹਿੰਮ ਦੀ ਰਣਨੀਤੀ ਬਣਾਈ ਜਾਵੇਗੀ। ਦਿੱਲੀ 'ਚ ਇਸ ਮੁਹਿੰਮ ਤੋਂ ਆਮ ਆਦਮੀ ਪਾਰਟੀ ਨੂੰ ਬਿਹਤਰੀਨ ਸਫਲਤਾ ਮਿਲੀ ਸੀ।

ਸਿਸੋਦੀਆ ਨੇ ਕਿਹਾ ਕਿ ਇਸ ਵਾਰ ਵੀ ਪੰਜਾਬ 'ਚ ਨਸ਼ਾ ਇਕ ਵੱਡਾ ਮੁੱਦਾ ਹੈ। ਨਸ਼ੇ ਤੋਂ ਪੰਜਾਬ ਦੀ ਜਨਤਾ ਨੂੰ ਛੁਟਕਾਰਾ ਦਿਵਾਉਣ ਲਈ ਆਮ ਆਦਮੀ ਪਾਰਟੀ ਝੰਡਾ ਬੁਲੰਦ ਕਰੇਗੀ। ਕਾਂਗਰਸ ਨੇ ਆਪਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਕੋਈ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਪੰਜਾਬ ਦੀ ਜਨਤਾ ਬੇਹੱਦ ਦੁਖੀ ਹੈ। ਇਸ ਵਾਰੀ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਸ਼ਾਨਦਾਰ ਜਿੱਤ ਹਾਸਿਲ ਕਰੇਗੀ। ਇਸ ਤੋਂ ਪਹਿਲਾਂ ਸੰਸਦ ਮੈਂਬਰ ਭਗਵੰਤ ਮਾਨ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਮਨੀਸ਼ ਸਿਸੋਦੀਆ ਦਾ ਰੇਲਵੇ ਸਟੇਸ਼ਨ 'ਤੇ ਸਵਾਗਤ ਕੀਤਾ।

Posted By: Amita Verma