ਗੁਰਜੰਟ ਢੀਂਡਸਾ, ਮੂਨਕ : ਬੀਤੀ ਰਾਤ ਖੱਚਰ ਰੇਹੜੇ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਤਾਂ ਉਸ ’ਤੇ ਸਵਾਰ ਔਰਤ ਅਤੇ ਬੱਚੀ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਬਾਰੇ ਪੀੜਤ ਬੇਅੰਤ ਸਿੰਘ ਵਾਸੀ ਵਾਰਡ ਨੰ 5 ਕੱਲਰ ਕਾਲੋਨੀ ਰਤੀਆ ਜ਼ਿਲ੍ਹਾ ਫ਼ਤਿਹਾਬਾਦ (ਹਰਿਆਣਾ) ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਅਤੇ ਉਸ ਦੇ ਗੁਆਂਢੀ ਖੱਚਰ ਰੇਹੜੇ ’ਤੇ ਸਵਾਰ ਹੋ ਕੇ ਬੱਚਿਆਂ ਸਮੇਤ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨਾਂ ਲਈ ਜਾ ਰਹੇ ਸਨ।

ਇਸ ਦੌਰਾਨ ਬੀਤੀ ਰਾਤ ਜਦੋਂ ਉਹ ਬੰਗਾ ਅਤੇ ਬੁਸ਼ੈਹਰਾ ਦੇ ਲਾਗੇ ਪੁੱਜੇ ਤਾਂ ਖੱਚਰ ਰੇਹੜਾ ਸਾਈਡ ’ਤੇ ਖੜ੍ਹਾ ਕਰ ਕੇ ਜ਼ਰੂਰੀ ਕੰਮ ਕਰਨ ਲੱਗਿਆ ਸੀ। ਇੰਨੇ ਨੂੰ ਮੂਨਕ ਸਾਈਡ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਉਨ੍ਹਾਂ ਦੇ ਰੇਹੜੇ ਵਿਚ ਟੱਕਰ ਮਾਰੀ ਤਾਂ ਉਸ ਦੀ ਪਤਨੀ ਰਜਨੀ ਉਰਫ ਮਨੀਸ਼ਾ (30) ਤੇ ਬੱਚੀ ਨੂਰ ਉਰਫ ਸਗੀਨਾ (13) ਨੂੰ ਗੰਭੀਰ ਸੱਟਾਂ ਲੱਗੀਆਂ। ਦੋਵਾਂ ਨੂੰ ਸਰਕਾਰੀ ਹਸਪਤਾਲ ਪਾਤੜਾਂ ਵਿਚ ਦਾਖ਼ਲ ਕਰਵਾਇਆ, ਜਿੱਥੇ ਨੂਰ ਸਗੀਨਾ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਰਜਨੀ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਮੂਨਕ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Jatinder Singh