ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪਿਛਲੇ ਦਿਨੀਂ ਚਿੱਟੇ ਕਾਰਨ ਮੌਤ ਦੇ ਮੂੰਹ 'ਚ ਗਏ ਨੌਜਵਾਨ ਗਾਇਕ ਗਗਨਦੀਪ ਸਿੰਘ ਉਰਫ ਰਾਂਝਾ ਦੇ ਮਾਮਲੇ 'ਚ ਬਰਨਾਲਾ ਪੁਲਿਸ ਨੇ ਜਣਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ 'ਚੋਂ ਚਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਬਰਨਾਲਾ ਪੁਲਿਸ ਦੇ ਕਪਤਾਨ ਸੰਦੀਪ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਇਕ ਨੌਜਵਾਨ ਦੀ ਚਿੱਟੇ ਨਾਲ ਮੌਤ ਮਗਰੋਂ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਸੀਆਈਏ ਬਰਨਾਲਾ ਦੇ ਇੰਸਪੈਕਟਰ ਬਲਜੀਤ ਸਿੰਘ ਨੇ ਕੁੱਝ ਹੀ ਦਿਨਾਂ 'ਚ ਚਿੱਟੇ ਦਾ ਸੇਵਨ ਤੇ ਵਪਾਰ ਕਰਨ ਵਾਲਿਆਂ ਦਾ ਪਰਦਾਫ਼ਾਸ ਕਰਦਿਆਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ 'ਚ ਸੀ ਟਾਈਪ ਦਾ ਗੈਂਗਸਟਰ ਹਰਦੀਪ ਸਿੰਘ ਉਰਫ਼ ਦੀਪਾ ਵਾਸੀ ਮਹਿਲ ਕਲਾਂ, ਜਿਸ 'ਤੇ ਕੁੱਟਮਾਰ ਦੇ 22 ਮਾਮਲੇ ਦਰਜ ਹਨ, ਦੇ ਨਾਲ ਹਰਵਿੰਦਰ ਸਿੰਘ ਉਰਫ਼ ਲਾਡੀ ਵਾਸੀ ਨਾਨਕਸਰ ਰੋਡ ਮਹਿਲ ਕਲਾਂ, ਹਰਪ੍ਰਰੀਤ ਸਿੰਘ, ਕੇਵਲ ਕ੍ਰਿਸ਼ਨ ਵਾਸੀ ਮਹਿਲ ਕਲਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਕਾਬੂ ਕਰ ਕੇ ਜੇਲ੍ਹ ਭੇਜੇ ਨਾਮਜ਼ਦ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਸਾਥੀਆਂ ਅਰਸ਼ਦੀਪ ਸਿੰਘ ਉਰਫ਼ ਬਿੱਟੂ ਗੈਂਗਸਟਰ ਦੇ ਸਾਥੀ ਅਰਸ਼ਦੀਪ ਉਰਫ਼ ਅਰਸੀ ਵਾਸੀ ਬਖਤਗੜ੍ਹ ਹਾਲ ਅਬਾਦ ਮਹਿਲ ਕਲਾਂ, ਰੁਪਿੰਦਰ ਕੁਮਾਰ ਉਰਫ਼ ਸੋਨੀ, ਜਤਿੰਦਰ ਕੁਮਾਰ ਉਰਫ਼ ਬਬਲੀ ਵਾਸੀ ਮਹਿਲ ਕਲਾਂ ਨੂੰ ਵੀ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਏਸੀਪੀ ਡਾ. ਪ੍ਰਗਿਆ ਜੈਨ, ਡੀਐੱਸਪੀ ਮਹਿਲ ਕਲਾਂ, ਸੀਆਈਏ ਸਟਾਫ ਦੇ ਇੰਚਾਰਜ ਇਸਪੈਕਟਰ ਬਲਜੀਤ ਸਿੰਘ, ਥਾਣਾ ਮੁਖੀ ਮਹਿਲ ਕਲਾਂ ਇੰਸਪੈਕਟਰ ਜਸਵਿੰਦਰ ਕੌਰ ਆਦਿ ਵੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ''ਲਾਸ਼ ਦੇ ਹਾਏ ਚਾਰੇ ਪਾਸੇ ਪਈ ਜਾਂਦੇ ਵੈਣ ਨੇ, ਗੱਭਰੂ ਦੀ ਜਾਨ ਲੈ ਲਈ ਚਿੱਟੇ ਵਾਲੀ ਲਾਈਨ ਨੇ'' ਜਿਹੇ ਉਸਾਰੂ ਗੀਤ ਗਾਉਣ ਵਾਲੇ ਨੌਜਵਾਨ ਗਾਇਕ ਗਗਨਦੀਪ ਸਿੰਘ ਉਰਫ਼ ਰਾਂਝਾ ਦੀ ਮੌਤ ਪਿਛਲੇ ਦਿਨੀਂ ਚਿੱਟੇ ਕਾਰਨ ਹੋਈ ਸੀ। ਮਾਰਕੀਟ ਕਮੇਟੀ 'ਚੋਂ ਸੇਵਾਮੁਕਤ ਅਧਿਕਾਰੀ ਸੁਖਦੇਵ ਸਿੰਘ ਤੇ ਸੇਵਾਮੁਕਤ ਮੁੱਖ ਅਧਿਆਪਕਾ ਜਸਵਿੰਦਰ ਕੌਰ ਦਾ ਇਕਲੌਤਾ ਪੁੱਤਰ ਕਦੋਂ ਨਸ਼ਿਆਂ ਦੀ ਦਲਦਲ 'ਚ ਫਸ ਬੈਠਾ ਕਿਸੇ ਨੂੰ ਕੋਈ ਪਤਾ ਨਾ ਲੱਗਾ। ਮਾਤਾ ਜਸਵਿੰਦਰ ਕੌਰ ਨੇ ਰੋਂਦਿਆਂ ਦੱਸਿਆ ਕਿ ਇਲੈਕਟਰੀਕਲ ਇੰਜਨੀਅਰਿੰਗ 'ਚ ਡਿਪਲੋਪਾ ਪਾਸ ਉਸ ਦੇ ਪੁੱਤਰ ਦੀ ਫੋਟੋ ਕਾਲਜ ਦੇ ਪ੍ਰਾਸਪੈਕਟ 'ਚ ਹੁਸ਼ਿਆਰ ਵਿਦਿਆਰਥੀਆਂ 'ਚ ਪਹਿਲੇ ਨੰਬਰ 'ਤੇ ਲੱਗੀ ਸੀ। ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਚਾਰ ਪੰਜ ਨੌਜਵਾਨ ਪਹਿਲਾਂ ਵੀ ਚਿੱਟੇ ਦੀ ਭੇਟ ਚੜ੍ਹ ਚੁੱਕੇ ਹਨ। ਪੁਲਿਸ ਨੂੰ ਵਾਰ-ਵਾਰ ਜਾਣੂ ਕਰਾਉਣ ਦੇ ਬਾਵਜੂਦ ਵੀ ਨਸ਼ੇ ਦੀ ਵਿੱਕਰੀ 'ਤੇ ਕੋਈ ਰੋਕ ਨਹੀ ਲੱਗੀ। ਗਗਨਦੀਪ ਸਿੰਘ ਦਾ ਨਸ਼ਾ ਛਡਾਉਣ ਲਈ ਉਸ ਨੂੰ ਬਰਨਾਲਾ ਦੇ ਕਿਸੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਐਤਵਾਰ ਨੂੰ ਹੀ ਉਸ ਨੂੰ ਹਸਪਤਾਲ 'ਚੋਂ ਘਰ ਲਿਆਂਦਾ ਗਿਆ ਸੀ। ਸ਼ਾਮ ਨੂੰ 6.30 ਵਜੇਂ ਦੇ ਕਰੀਬ ਉਹ ਘਰ 'ਚ ਬੇਹੋਸ਼ੀ ਦੀ ਹਾਲਤ 'ਚ ਡਿੱਗ ਪਿਆ। ਮਰਨ ਸਮੇਂ ਵੀ ਉਸ ਦੀ ਬਾਂਹ 'ਚ ਟੀਕੇ ਵਾਲੀ ਸਰਿੰਜ ਲੱਗੀ ਹੋਈ ਸੀ।