ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜਮਹੂਰੀ ਕਿਸਾਨ ਸਭਾ ਵੱਲੋਂ ਕਿਸਾਨ ਵਿਰੋਧੀ ਲਿਆਂਦੇ ਖ਼ੇਤੀ ਕਾਨੂੰਨ ਨੂੰ ਵਾਪਸ ਕਰਾਉਣ ਨੂੰ ਲੈ ਕੇ ਮਹਿਲ ਕਲਾਂ ਦੇ ਟੌਲ ਪਲਾਜ਼ੇ 'ਤੇ 24ਵੇਂ ਦਿਨ ਕਿਸਾਨ ਆਗੂਆਂ ਤੇ ਅੌਰਤਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨ ਵਿਰੋਧੀ ਪਾਸ ਕੀਤੇ ਖੇਤੀ ਕਾਨੂੰਨ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਆਗੂ ਮਲਕੀਤ ਸਿੰਘ ਈਨਾ, ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਮੀਤ ਪ੍ਰਧਾਨ ਭਾਗ ਸਿੰਘ ਕੁਰੜ, ਜਰਨਲ ਸਕੱਤਰ ਜੱਗਾ ਸਿੰਘ ਛਾਪਾ, ਮਾ: ਅਮਰਜੀਤ ਸਿੰਘ ਮਹਿਲ ਕਲਾਂ ਨੇ ਕਿਹਾ ਕਿ ਤਿੰਨ ਕਿਸਾਨ ਵਿਰੋਧੀ ਖੇਤੀ ਕਾਨੂੰਨ ਲਿਆ ਕੇ ਸਿੱਧੇ ਤੌਰ 'ਤੇ ਕਾਰਪੋਰੇਟ ਘਰਾਣਿਆਂ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੀਆਂ ਜਿਨਸਾਂ ਨੂੰ ਖੁੱਲ੍ਹੀ ਮੰਡੀ 'ਚ ਖਰੀਦ ਕਰਨ ਲਈ ਖ਼ਰੀਦ ਦਾ ਪ੍ਰਬੰਧ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਚ ਦੇ ਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਵਾਉਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਇਸ ਸਮੇਂ ਆਗੂਆਂ ਨੇ ਕਿਹਾ ਕਿ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਮੋਦੀ ਸਰਕਾਰ ਇਹ ਕਾਨੂੰਨ ਵਾਪਸ ਲਹੀਂ ਲੈਂਦੀ।

ਇਸ ਮੌਕੇ ਕਿਸਾਨ ਆਗੂ ਕੁਲਦੀਪ ਸਿੰਘ ਗਿੱਲ ਕਲਾਲ ਮਾਜਰਾ, ਅਵਤਾਰ ਸਿੰਘ ਚੀਮਾ, ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਪ੍ਰਧਾਨ ਬਾਬਾ ਸ਼ੇਰ ਸਿੰਘ ਮਹਿਲ ਕਲਾਂ, ਜਥੇਦਾਰ ਮੁਖਤਿਆਰ ਸਿੰਘ ਛਾਪਾ, ਪਟਵਾਰੀ ਨਰਿੰਦਰ ਸਿੰਘ ਕਲਾਲਮਾਜਰਾ, ਢਾਡੀ ਪਰਮਜੀਤ ਸਿੰਘ ਪੰਮਾ, ਮਨਜੋਤ ਸਿੰਘ ਕੁਤਬਾ, ਜਸਬੀਰ ਕੌਰ, ਸਵਰਨਜੀਤ ਕੌਰ ਮਹਿਲ ਕਲਾਂ, ਜਸਵਿੰਦਰ ਕੌਰ, ਜਗਵਿੰਦਰ ਕੌਰ ਕਲਾਲਮਾਜਰਾ, ਜਸਵੰਤ ਸਿੰਘ ਛੀਨੀਵਾਲ ਕਲਾਂ ਆਦਿ ਹਾਜ਼ਰ ਸਨ। ਉੱਧਰ ਦੂਜੇ ਪਾਸੇ ਟੋਲ ਪਲਾਜ਼ੇ ਦੇ ਮੈਨੇਜਰ ਪਰਮਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਪਹਿਲਾਂ ਕੋਰੋਨਾ ਦੀ ਮਾਰ ਤੇ ਹੁਣ ਕਿਸਾਨਾਂ ਦੇ ਅੰਦੋਲਨ ਕਾਰਨ ਰੋਜ਼ਾਨਾ ਕੰਪਨੀ ਨੂੰ 4 ਲੱਖ ਦਾ ਘਾਟਾ ਸ਼ਹਿਣਾ ਪੈ ਰਿਹਾ ਹੈ।