ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਮਹਿਲ ਕਲਾਂ ਇਕਾਈ ਵੱਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਸੰਘੇੜਾ ਤੇ ਭੱਦਲਵੱਡ ਵਿਚਕਾਰ ਲੱਗੇ ਰਿਲਾਇੰਸ ਪੰਪ 'ਤੇ 24ਵੇਂ ਦਿਨ ਜਾਰੀ ਰੱਖਦਿਆਂ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਨੂੰ ਤੁਰੰਤ ਰੱਦ ਕਰਨ ਕਰਨ ਦੀ ਮੰਗ ਕੀਤੀ।

ਇਸ ਮੌਕੇ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਮੀਤ ਪ੍ਰਧਾਨ ਹਰਜੀਤ ਸਿੰਘ ਦੀਵਾਨਾ, ਜਰਨਲ ਸਕੱਤਰ ਕੁਲਜੀਤ ਸਿੰਘ ਵਜੀਦਕੇ, ਖ਼ਜ਼ਾਨਚੀ ਨਾਹਰ ਸਿੰਘ ਗੁੰਮਟੀ, ਰਾਜਪਾਲ ਸਿੰਘ ਪਡੋਰੀ, ਸਾਬਕਾ ਸਰਪੰਚ ਹਰਬੰਤ ਸਿੰਘ ਠੁੱਲੇਵਾਲ ਨੌਜਵਾਨ ਆਗੂ ਅਰਸਦੀਪ ਸਿੰਘ ਦੀਵਾਨਾ ਨੇ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਵਧੇਰੇ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ, ਪਰ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਲੋਕਾਂ ਦੇ ਹੱਕ 'ਚ ਕਾਨੂੰਨ ਬਣਾ ਕਿਸਾਨਾਂ ਦਾ ਉਜਾੜਾ ਕਰਨ ਤੇ ਤੁਲੀ ਹੋਈ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਮੋਦੀ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ।

ਇਸ ਮੌਕੇ ਹਰਮੰਦਰ ਸਿੰਘ ਗੁਰਮ, ਨਿਸ਼ਾਨ ਸਿੰਘ ਗੁੰਮਟੀ, ਜੈਲਦਾਰ ਕੇਵਲ ਸਿੰਘ ਹਮੀਦੀ, ਮਹਿੰਦਰ ਸਿੰਘ ਪੰਡੋਰੀ, ਕੁਲਵਿੰਦਰ ਕੌਰ ਵਜੀਦਕੇ ਕਲਾਂ, ਰਾਜਿੰਦਰ ਸਿੰਘ ਵਜੀਦਕੇ ਵੀ ਹਾਜ਼ਰ ਸਨ। ਉਧਰ ਦੂਜੇ ਪਾਸੇ ਪੈਟਰੋਲ ਪੰਪ ਦੇ ਅਪਰੇਟਰ ਹਰਕਮਲ ਸਿੰਘ ਨੇ ਦੱਸਿਆ ਕਿ ਇਹ ਪੈਟਰੋਲ ਪੰਪ ਠੇਕੇ 'ਤੇ ਲੈ ਕੇ ਚਲਾਇਆ ਜਾ ਰਿਹਾ ਤੇ ਅੰਦੋਲਨ ਕਾਰਨ ਕਾਰਨ ਸਾਨੂੰ 12 ਹਜ਼ਾਰ ਰੁਪਏ ਪ੍ਰਤੀ ਦਿਨ ਘਾਟਾ ਸਹਿਣਾ ਪੈ ਰਿਹਾ।