ਸ਼ੰਭੂ ਗੋਇਲ, ਲਹਿਰਾਗਾਗਾ : ਨੇੜਲੇ ਪਿੰਡ ਚੰਗਾਲੀਵਾਲਾ ਵਿਖੇ ਜਗਮੇਲ ਸਿੰਘ ਹੱਤਿਆਕਾਂਡ ਸਬੰਧੀ ਜਗਮੇਲ ਸਿੰਘ ਦੀ ਲਾਸ਼ ਪੀਜੀਆਈ ਚੰਡੀਗੜ੍ਹ ਤੋਂ ਇੱਥੇ ਪਹੁੰਚਣ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੱਖ-ਵੱਖ ਜਥੇਬੰਦੀਆਂ ਦੇ ਹਜ਼ਾਰਾਂ ਲੋਕਾਂ ਦੀ ਮੌਜੂਦਗੀ 'ਚ ਸਸਕਾਰ ਕਰ ਦਿੱਤਾ ਗਿਆ। ਸਸਕਾਰ ਸਮੇਂ ਸਰਕਾਰ ਨਾਲ ਹੋਈ ਸਹਿਮਤੀ ਮੁਤਾਬਕ 6 ਲੱਖ ਰੁਪਏ ਦਾ ਚੈੱਕ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਪਰਿਵਾਰ ਨੂੰ ਦਿੱਤਾ ਅਤੇ ਸਨਮਾਨ ਵਜੋਂ ਦੇਹ 'ਤੇ ਸ਼ਾਲ ਵੀ ਪਾਇਆ।

ਇਸ ਸਮੇਂ 'ਆਪ' ਵਿਧਾਇਕ ਹਰਪਾਲ ਸਿੰਘ ਚੀਮਾ, ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਾਮ ਥੋਰੀ, ਐੱਸਐੱਸਪੀ ਡਾ. ਸੰਦੀਪ ਗਰਗ, ਐੱਸਡੀਐੱਮ ਲਹਿਰਾ ਕਾਲਾ ਰਾਮ ਕਾਂਸਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ, ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ, ਓਐੱਸਡੀ ਰਵਿੰਦਰ ਸਿੰਘ ਟੁਰਨਾ, ਡੀਐੱਸਪੀ ਲਹਿਰਾ ਬੂਟਾ ਸਿੰਘ ਗਿੱਲ, ਥਾਣਾ ਸਦਰ ਮੁਖੀ ਸਤਨਾਮ ਸਿੰਘ, ਸਿਟੀ ਇੰਚਾਰਜ ਜਗਰੂਪ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਪਹੁੰਚੇ ਹੋਏ ਸਨ।

ਇਸ ਸਮੇਂ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਵਾਅਦੇ ਮੁਤਾਬਕ ਅਸੀਂ 6 ਲੱਖ ਦਾ ਚੈੱਕ ਦੇ ਰਹੇ ਹਾਂ ਅਤੇ ਬਾਕੀ 14 ਲੱਖ ਦਾ ਚੈੱਕ ਭੋਗ ਵਾਲੇ ਦਿਨ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਪਰਿਵਾਰ ਦੇ ਮੈਂਬਰ ਨੂੰ ਨੌਕਰੀ, ਬੱਚਿਆਂ ਦੀ ਪੜ੍ਹਾਈ ਮੁਫ਼ਤ, 6 ਮਹੀਨੇ ਦਾ ਰਾਸ਼ਨ ਅਤੇ ਹੋਰ ਸਮਝੌਤੇ ਮੁਤਾਬਕ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਦੀ ਕੋਸ਼ਿਸ਼ ਅਤੇ ਤਵੱਜੋਂ ਸਦਕਾ ਇਹ ਫ਼ੈਸਲਾ ਜਲਦੀ ਸੰਭਵ ਹੋਇਆ ਹੈ।

ਇਸ ਕੇਸ ਸਬੰਧੀ ਚਲਾਨ 7 ਦਿਨਾਂ 'ਚ ਪੇਸ਼ ਕੀਤਾ ਜਾਵੇਗਾ ਅਤੇ 3 ਮਹੀਨੇ 'ਚ ਸਖ਼ਤ ਸਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਬੀਬੀ ਭੱਠਲ ਨੇ ਕਿਹਾ ਕਿ ਅੱਗੇ ਤੋਂ ਅਜਿਹੀ ਨਾਮੁਰਾਦ ਘਟਨਾ ਨਾ ਵਾਪਰੇ ਇਹ ਸਾਡੀ ਕੋਸ਼ਿਸ਼ ਰਹੇਗੀ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਿਹਾ ਕਰਦਿਆਂ ਕਿਹਾ ਕਿ ਇਸ ਪਰਿਵਾਰ ਨਾਲ ਮੇਰਾ ਪਿੰਡ ਚੰਗਾਲੀਵਾਲਾ ਹੋਣ ਦੇ ਨਾਤੇ ਨੇੜਲਾ ਰਿਸ਼ਤਾ ਹੈ। ਮੈਂ ਪਹਿਲਾਂ ਵਾਂਗ ਹੁਣ ਵੀ ਪਰਿਵਾਰ ਨਾਲ ਹਰ ਦੁੱਖ-ਸੁੱਖ 'ਚ ਖੜ੍ਹਾਂਗੀ। ਜਗਮੇਲ ਸਿੰਘ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਕਾਂਗਰਸ ਸਰਕਾਰ ਨੇ ਆਪਣੇ ਕੋਲੋਂ ਜਿੰਨਾਂ ਹੋ ਸਕਿਆ ਉਸ ਤੋਂ ਵੱਧ ਕੀਤਾ ਹੈ।