ਸੰਦੀਪ ਸਿੰਗਲਾ, ਧੂਰੀ : ਲੰਘੇ ਸਤੰਬਰ ਮਹੀਨੇ ਦੇ ਆਖਰੀ ਹਫ਼ਤੇ ਢੋਅ ਢੁਆਈ ਦੇ ਠੇਕੇਦਾਰ ਦੀ ਲੇਬਰ ਵੱਲੋਂ ਪਿੰਡ ਧੂਰਾ ਨੇੜਲੇ ਇੱਕ ਗੋਦਾਮ 'ਚੋਂ ਪਨਗ੍ਰੇਨ ਦੀ ਨੀਲੇ ਕਾਰਡਾਂ ਵਾਲੀ ਕਣਕ ਦੀਆਂ ਬੋਰੀਆਂ ਦੀ ਕੀਤੀ ਜਾ ਰਹੀ ਲਦਾਈ ਸਮੇਂ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਮਜਦੂਰਾਂ ਵੱਲੋਂ ਕੀਤੇ ਗਏ ਵਿਰੋਧ ਨੂੰ ਲੈ ਕੇ ਦੋਹਾਂ ਧਿਰਾਂ ਦੀ ਲੇਬਰ ਦਰਮਿਆਨ ਹੋਏ ਖੜਕੇ ਦੜਕੇ ਸਮੇਂ ਪੱਲੇਦਾਰ ਯੂਨੀਅਨ ਦੇ ਮਜ਼ਦੂਰਾਂ ਵੱਲੋਂ ਕੀਤੀ ਗਈ ਪੱਥਰਬਾਜ਼ੀ 'ਚ ਠੇਕੇਦਾਰ ਦੀ ਲੇਬਰ ਦੇ ਪੰਜ ਮਜ਼ਦੂਰ ਫੱਟੜ ਹੋ ਗਏ ਸਨ ਅਤੇ ਫੱਟੜਾਂ 'ਚੋਂ ਇੱਕ ਦੇ ਬਿਆਨ ਦੇ ਆਧਾਰ 'ਤੇ ਸਦਰ ਪੁਲਿਸ ਧੂਰੀ ਵਲੋਂ ਪੱਲੇਦਾਰ ਯੂਨੀਅਨ ਦੇ ਸੱਤ ਮਜ਼ਦੂਰਾਂ ਖ਼ਿਲਾਫ਼ ਇਰਾਦਾ ਕਤਲ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਬਾਅਦ ਵਿੱਚ ਭਾਵੇਂ ਠੇਕੇਦਾਰ ਅਤੇ ਪੱਲੇਦਾਰ ਯੂਨੀਅਨ ਦਰਮਿਆਨ ਬੋਰੀਆਂ ਦੇ (ਸਟੈਗ) ਚੱਕੇ ਲਾਉਣ ਅਤੇ ਬੋਰੀਆਂ ਦੀ ਲਦਾਈ ਸਬੰਧੀ ਪ੍ਰਤੀ ਬੋਰੀ ਰੇਟ ਤੈਅ ਹੋਣ 'ਤੇ ਸਮਝੌਤਾ ਹੋ ਗਿਆ ਸੀ, ਪਰ ਸਮਝੌਤੇ ਤੋਂ ਬਾਅਦ ਹੁਣ ਪਿਛਲੇ ਦਿਨੀਂ ਪੱਲੇਦਾਰ ਯੂਨੀਅਨ ਦੇ ਮਜਦੂਰਾਂ ਵੱਲੋਂ ਲਦਾਈ ਦਾ ਕੰਮ ਮੁੜ ਬੰਦ ਕੀਤੇ ਜਾਣ ਕਾਰਨ ਮਾਹੌਲ ਇੱਕ ਬਾਰ ਫੇਰ ਤਣਾਅ ਪੂਰਨ ਹੋ ਗਿਆ ਅਤੇ ਠੇਕੇਦਾਰ ਨੂੰ ਆਪਣੀ ਨਿਜੀ ਲੇਬਰ ਤੋਂ ਬੋਰੀਆਂ ਦੀ ਲਦਾਈ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਦੀ ਮਦਦ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ

ਇਸ ਸਬੰਧੀ ਢੋਅ ਢੁਆਈ ਦਾ ਟੈਂਡਰ ਪ੍ਰਰਾਪਤ ਠੇਕੇਦਾਰ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਉਹ ਸਮਝੌਤੇ ਮੁਤਾਬਿਕ ਪ੍ਰਤੀ ਬੋਰੀ ਚੱਕਾ ਲਾਉਣ ਅਤੇ ਲਦਾਈ ਦੇ ਰਿਹਾ ਹੈ ਅਤੇ ਢੋਅ ਢੁਆਈ ਸਬੰਧੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਪਰ ਪੱਲੇਦਾਰ ਯੂਨੀਅਨ ਵੱਲੋਂ ਲਿਖਤੀ ਸਮਝੌਤੇ ਤੋਂ ਮੁੱਕਰਦਿਆਂ ਜਿਣਸਾਂ ਦੀ ਲਦਾਈ 'ਚ ਜਾਣ ਬੁੱਝ ਕੇ ਰੁਕਾਵਟ ਪਾਈ ਜਾ ਰਹੀ ਹੈ

ਡੀ ਐਸ ਪੀ ਧੂਰੀ ਪਰਮਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਪੱਲੇਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਸਮੇਤ ਸੱਤ ਮੈਂਬਰੀ ਕਮੇਟੀ ਦਾ ਠੇਕੇਦਾਰ ਨਾਲ ਢੋਅ ਢੁਆਈ ਸਬੰਧੀ ਬੋਰੀਆਂ ਦੀ ਲਦਾਈ ਬਾਰੇ ਬਾਕਾਇਦਾ ਲਿਖਤੀ ਸਮਝੌਤਾ ਹੋਇਆ ਸੀ, ਪਰ ਹੁਣ ਪੱਲੇਦਾਰ ਯੂਨੀਅਨ ਕੰਮ ਕਰਨ ਤੋਂ ਭੱਜ ਰਹੀ ਹੈਉਨ੍ਹਾਂ ਕਿਹਾ ਕਿ ਪੁਲਿਸ ਕਿਸੇ ਵੀ ਕੀਮਤ 'ਤੇ ਅਮਨ ਕਾਨੂੰਨ ਨੂੰ ਭੰਗ ਨਹੀਂ ਹੋਣ ਦੇਵੇਗੀ

ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਤੇਲੂ ਰਾਮ ਦਾ ਕਹਿਣਾ ਹੈ ਕੇ ਬੋਰੀਆਂ ਦੀ ਲਦਾਈ ਸਬੰਧੀ ਭਾਵੇਂ ਠੇਕੇਦਾਰ ਨਾਲ ਲਿਖਤੀ ਸਮਝੌਤਾ ਹੋਇਆ ਸੀ, ਪਰ ਠੇਕੇਦਾਰ ਵੱਲੋਂ ਸਮਝੌਤੇ ਸਮੇਂ ਇਰਾਦਾ ਕਤਲ ਦੇ ਦੋਸ਼ ਹੇਠ ਦਰਜ ਮੁਕੱਦਮੇ 'ਚ ਗਿ੍ਫਤਾਰ ਕੀਤੇ ਗਏ ਮਜਦੂਰਾਂ ਨੂੰ ਰਿਹਾਅ ਕਰਵਾਉਣ ਅਤੇ ਪਰਚਾ ਰੱਦ ਕਰਵਾਉਣ ਦੇ ਦਿੱਤੇ ਗਏ ਭਰੋਸੇ ਦੇ ਬਾਵਜੂਦ ਮਜ਼ਦੂਰਾਂ ਨੂੰ ਰਿਹਾਅ ਨਹੀਂ ਕਰਵਾਇਆ ਗਿਆ

ਤੇਲੂ ਰਾਮ ਨੇ ਕਿਹਾ ਕਿ ਮਜ਼ਦੂਰਾਂ ਦੀ ਰਿਹਾਈ ਅਤੇ ਪਰਚਾ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪੱਲੇਦਾਰ ਯੂਨੀਅਨ ਵੱਲੋਂ 13 ਅਕਤੂਬਰ ਨੂੰ ਰੋਸ ਧਰਨਾ ਦਿੱਤਾ ਜਾਵੇਗਾ