ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪਿੰਡ ਚੂੰਘਾ 'ਚ ਇਕ ਸ਼ਰਾਬੀ ਵਿਅਕਤੀ ਆਪਣੀ ਹੀ ਪਤਨੀ ਦਾ ਗਲਾ ਦਬਾ ਕੇ ਮਾਰ ਦੇਣ ਤੋਂ ਬਾਅਦ ਫ਼ਰਾਰ ਹੋ ਗਿਆ। ਮਿ੍ਤਕ ਕਮਲਜੀਤ ਕੌਰ ਦੇ ਭਰਾ ਬਿੱਟੂ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਸੋਮਾ ਸਿੰਘ ਨਾਲ ਤਿੰਨ ਸਾਲ ਪਹਿਲਾਂ ਪਿੰਡ ਚੂੰਘਾ ਵਿਖੇ ਹੋਇਆ ਸੀ, ਪਰ ਕੁਝ ਸਮੇਂ ਬਾਅਦ ਹੀ ਸੋਮਾ ਸਿੰਘ ਉਸ ਦੀ ਭੈਣ ਨੂੰ ਨਸ਼ਾ ਕਰ ਕੇ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਕੁਝ ਦਿਨ ਪਹਿਲਾਂ ਹੀ ਉਹ ਆਪਣੀ ਭੈਣ ਦੇ ਘਰ ਆਇਆ ਸੀ, ਐਤਵਾਰ ਦੀ ਰਾਤ ਨੂੰ ਖਾਣਾ ਖਾ ਕੇ ਜਦੋਂ ਉਹ ਸੌਂ ਗਿਆ ਤਾਂ ਇਨ੍ਹਾਂ ਨੂੰ ਰੌਲਾ ਸੁਣਿਆ। ਜਿਸ ਤੋਂ ਬਾਅਦ ਭੱਜ ਕੇ ਆਪਣੀ ਭੈਣ ਦੇ ਕਮਰੇ 'ਚ ਗਿਆ, ਤਾਂ ਉਸ ਦੇ ਜੀਜਾ ਸੋਮਾ ਸਿੰਘ ਉਸ ਦੀ ਭੈਣ ਕਮਲਜੀਤ ਕੌਰ ਦੀ ਕੁੱਟਮਾਰ ਕਰ ਕੇ ਉਸ ਦਾ ਗਲਾ ਘੁੱਟੀ ਬੈਠਾ ਸੀ। ਜਦੋਂ ਉਸ ਨੇ ਆਪਣੀ ਭੈਣ ਨੂੰ ਛੁਡਵਾਇਆ ਤਾਂ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਉਸ ਦਾ ਜੀਜਾ ਸੋਮਾ ਸਿੰਘ ਫ਼ਰਾਰ ਹੋ ਗਿਆ। ਥਾਣਾ ਟੱਲੇਵਾਲ ਦੇ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਪੁਲਿਸ ਨੇ ਮਿ੍ਤਕ ਕਮਲਜੀਤ ਕੌਰ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਸੋਮਾ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।