ਬੂਟਾ ਸਿੰਘ ਚੌਹਾਨ, ਸੰਗਰੂਰ : ਗਣਤੰਤਰਤਾ ਦਿਵਸ ਮੌਕੇ 26 ਜਨਵਰੀ ਨੂੰ ਸਥਾਨਕ ਪੁਲਿਸ ਲਾਈਨ ਸਟੇਡੀਅਮ ਸੰਗਰੂਰ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਕ ਮੰਤਰੀ ਪੰਜਾਬ ਗੁਰਪ੍ਰਰੀਤ ਸਿੰਘ ਕਾਂਗੜ ਕੌਮੀ ਝੰਡਾ ਲਹਿਰਾਉਣਗੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਣਤੰਤਰਤਾ ਦਿਵਸ ਸਮਾਗਮ ਦੇ ਮੱਦੇਨਜ਼ਰ ਲੋੜੀਂਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।

ਅੱਜ ਇਥੇ ਪੁਲਿਸ ਲਾਈਨ ਗਰਾਊਂਡ ਵਿੱਚ ਗਣਤੰਤਰਤਾ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਦੌਰਾਨ ਤਿਰੰਗਾ ਲਹਿਰਾਉਣ ਉਪਰੰਤ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਸੁਰੱਖਿਆ ਅਤੇ ਹੋਰ ਲੋੜੀਂਦੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ ਅਤੇ ਗਣਤੰਤਰਤਾ ਦਿਵਸ ਸਮਾਗਮ ਕੋਵਿਡ-19 ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਸਲਾਹਕਾਰੀਆਂ ਦੇ ਅਨੁਸਾਰ ਸੁਚੱਜੇ ਢੰਗ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਸਮਾਗਮ ਦੌਰਾਨ 5 ਟੁਕੜੀਆਂ, ਜਿਨ੍ਹਾਂ ਵਿੱਚ ਪੰਜਾਬ ਪੁਲਿਸ, ਹੋਮਗਾਰਡ ਦੇ ਜਵਾਨ, ਐੱਨਸੀਸੀ ਦੇ ਕੈਡਿਟ ਸ਼ਾਮਿਲ ਹੋਣਗੇ, ਉਹ ਮਾਰਚ ਤਿੰਨੇ ਟੁਕੜੀਆਂ ਪਾਸਟ ਕਰਨਗੀਆਂ ਅਤੇ 8 ਝਾਕੀਆਂ ਵੱਖ-ਵੱਖ ਖੇਤਰਾਂ ਦੀ ਪੇਸ਼ਕਾਰੀ ਕਰਨਗੀਆਂ।

ਫੁੱਲ ਡਰੈਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਨੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਅਤੇ ਪਰੇਡ ਕਮਾਂਡਰ ਸਮੇਤ ਪਰੇਡ ਦਾ ਨਿਰੀਖਣ ਕਰਨ ਉਪਰੰਤ ਮਾਰਚ ਪਾਸਟ ਤੋਂ ਸਲਾਮੀ ਲਈ। ਅੰਤ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਦੀਆਂ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਨ ਪੇਸ਼ ਕੀਤਾ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਸਿੰਘ ਬੱਤਰਾ, ਐੱਸਡੀਐੱਮ ਸੰਗਰੂਰ ਯਸ਼ਪਾਲ ਸ਼ਰਮਾ, ਡੀਡੀਪੀਓ ਪਰਮਜੀਤ ਸਿੰਘ ਅਤੇ ਆਰਟੀਏ ਕਰਨਬੀਰ ਸਿੰਘ ਛੀਨਾ ਵੀ ਮੌਜੂਦ ਸਨ।

---------