ਯੋਗੇਸ਼ ਸ਼ਰਮਾ, ਭਦੌੜ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਵੱਖ-ਵੱਖ ਪਿੰਡਾਂ 'ਚ ਰੋਸ ਮਾਰਚ ਕੱਿਢਆ ਗਿਆ। ਇਸ ਵਿਸ਼ਾਲ ਰੋਸ ਮਾਰਚ 'ਚ ਸੈਂਕੜੇ ਕਿਸਾਨ ਮੋਟਰਸਾਈਕਲਾਂ ਤੇ ਸ਼ਾਮਲ ਹੋਏ। ਇਹ ਰੋਸ ਮਾਰਚ ਭਦੌੜ, ਰਾਮਗੜ੍ਹ, ਟੱਲੇਵਾਲ, ਮੱਝੂਕੇ, ਨੈਣੇਵਾਲ, ਚੁੰਘਾ, ਭੋਤਨੇ ਆਦਿ ਹੁੰਦਾ ਹੋਇਆ ਸਮਾਪਤ ਹੋਇਆ। ਰੋਸ ਮਾਰਚ ਦੌਰਾਨ ਕਿਸਾਨਾਂ ਦੇ ਹਜ਼ੂਮ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਮੱਖਣ ਸਿੰਘ ਸਾਬਕਾ ਸਰਪੰਚ ਭਦੌੜ, ਨਿਰਮਲ ਭਦੌੜ ਤੇ ਗੁਰਚਰਨ ਸਿੰਘ ਭਦੌੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਸਰਾਸਰ ਧੱਕਾ ਕਰ ਰਹੀ ਹੈ ਤੇ ਕਾਲੇ ਕਾਨੂੰਨ ਪਾਸ ਕਰਕੇ ਤਾਨਾਸ਼ਾਹੀ ਰਵੱਈਆ ਆਪਣਾ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਕਿਸਾਨੀ ਨੂੰ ਬਚਾਉਣ ਲਈ ਹਰ ਹੰਭਲਾ ਮਾਰਿਆ ਜਾਵੇਗਾ। ਜੇਕਰ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਵਾਪਸ ਨਾ ਲਏ, ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਰੱਦ ਕਰਨ ਤੋਂ ਸਿਵਾਏ ਘੱਟ ਕੋਈ ਵੀ ਸ਼ਰਤ ਮਨਜ਼ੂਰ ਨਹੀਂ ਹੋਵੇਗੀ ਤੇ ਮੋਦੀ ਸਰਕਾਰ ਤੋਂ ਕਾਲੇ ਕਾਨੂੰਨ ਪਾਸ ਕਰਵਾ ਕੇ ਹੀ ਦਮ ਲਿਆ ਜਾਵੇਗਾ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਮੱਖਣ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ, ਗੁਰਚਰਨ ਸਿੰਘ, ਗੁਰਚਰਨ ਸਿੰਘ ਭੋਤਨਾ, ਗੁਰਮੇਲ ਸਿੰਘ ਚੂਘਾ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਆਗੂ ਹਾਜ਼ਰ ਸਨ।